ਬੀਬੀਐਨ ਨੈਟਵਰਕ ਪੰਜਾਬ ਗੁਰਦਾਸਪੁਰ ਬਿਊਰੋ,24 ਨਵੰਬਰ
ਕਿਸੇ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਸੰਦੀਦਾ ਸ਼ਿਕਾਰਗਾਹ ਵਜੋਂ ਜਾਣੇ ਜਾਂਦੇ ਸੀ ਅਤੇ ਕੇਸ਼ੋਪੁਰ ਛੰਭ ਵਿੱਚ ਇਸ ਵਾਰ ਫ਼ਿਰ ਵਿਦੇਸ਼ੀ ਪੰਛੀਆਂ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਭ ਵਿਚ ਸਰਦੀਆਂ ਦਾ ਆਗਾਜ਼ ਹੁੰਦਿਆਂ ਹੀ ਹਜ਼ਾਰਾਂ ਵਿਦੇਸ਼ੀ ਮਹਿਮਾਨਾਂ ਦੀ ਆਮਦ ਨਾਲ ਕੌਮਾਂਤਰੀ ਸਰਹੱਦ ਨੇੜੇ ਸਥਿਤ ਇਹ ਇਲਾਕਾ ਖਿੜ ਉੱਠਿਆ ਹੈ। ਇਸ ਸਮੇਂ ਤੱਕ ਕੋਈ 8 ਹਜ਼ਾਰ ਬੇਹੱਦ ਖੂਬਸੂਰਤ ਪਰਵਾਸੀ ਪੰਛੀ ਇੱਥੇ ਪਹੁੰਚ ਚੁੱਕੇ ਹਨ ਤੇ ਇਹ ਗਿਣਤੀ 25 ਹਜ਼ਾਰ ਦੇ ਆਸਪਾਸ ਪਹੁੰਚਣ ਦੀ ਉਮੀਦ ਹੈ।ਹਰ ਸਾਲ ਰੂਸ, ਸਾਈਬੇਰੀਆ ਤੇ ਹੋਰ ਯੂਰਪੀ ਦੇਸ਼ਾਂ ਵਿੱਚ ਠੰਡ ਵਧਣ ਅਤੇ ਬਰਫ਼ਬਾਰੀ ਹੋਣ ਕਾਰਨ ਪੰਛੀ ਮੁਕਾਬਲਤਨ ਘੱਟ ਠੰਢੇ ਇਲਾਕਿਆਂ ਵਲ ਹਿਜ਼ਰਤ ਕਰਦੇ ਹਨ ਅਤੇ ਇਸੇ ਕਾਰਨ ਕੇਸ਼ਪੁਰ ਛੰਬ ਵੀ ਇਨ੍ਹਾਂ ਪੰਛੀਆਂ ਦੀ ਪਸੰਦੀਦਾ ਸੈਰਗਾਹ ਹੈ। ਇੱਥੇ 100 ਤੋਂ ਵੱਧ ਪ੍ਰਜਾਤੀਆਂ ਦੇ ਖੂਬਸੂਰਤ ਪੰਛੀ ਆਉਂਦੇ ਹਨ ਜਿਨ੍ਹਾਂ ਵਿੱਚ ਸਾਰਸ, ਨਾਰਥ ਪਿੰਨ, ਟੇਲ, ਨਾਰਥਰਨ, ਛਾਵਲਰ, ਗੈਂਡਵਲ ਗ੍ਰੇ, ਲੈਗ ਗੁਜ਼, ਪ੍ਰਪਲ ਹੈਰੋਨ, ਗ੍ਰੇ ਹੈਰੋਨ ਆਦਿ ਸ਼ਾਮਿਲ ਹਨ ਤੇ ਸਾਰਸ ਦੁਨੀਆਂ ਦਾ ਸੱਭ ਤੋਂ ਲੰਬੀ ਉਡਾਣ ਭਰਨ ਵਾਲਾ ਪੰਛੀ ਹੈ। ਇਸਦੀ ਖ਼ਾਸੀਅਤ ਇਹ ਹੈ ਕਿ ਇਹ ਹਮੇਸ਼ਾ ਜੋੜੇ ਵਿਚ ਰਹਿੰਦਾ ਹੈ। ਜੇਕਰ ਜੋੜੇ ’ਚੋਂ ਕਿਸੇ ਇਕ ਦੀ ਮੌਤ ਹੋ ਜਾਂਦੀ ਹੈ ਤਾਂ ਵਿਯੋਗ ਵਿਚ ਦੂਸਰਾ ਵੀ ਦਮ ਤੋੜ ਦਿੰਦਾ ਹੈ। ਇਸ ਕਾਰਨ ਇਸ ਨੂੰ ਸਤੀ ਪੰਛੀ ਵੀ ਕਿਹਾ ਜਾਂਦਾ ਹੈ।