ਬੀਬੀਐਨ ਨੈਟਵਰਕ ਪੰਜਾਬ ਪਠਾਨਕੋਟ ਬਿਊਰੋ,24 ਨਵੰਬਰ
ਪੱਛਮੀ ਬੰਗਾਲ ਦਾ ਰਹਿਣ ਵਾਲਾ ਕਾਰੀਗਰ ਸ਼ਹਿਰ ਦੇ ਇਕ ਦਰਜਨ ਤੋਂ ਵੱਧ ਜਵੈਲਰਾਂ ਦਾ ਲੱਖਾਂ ਰੁਪਏ ਦਾ ਸੋਨਾ ਲੈ ਕੇ ਫ਼ਰਾਰ ਹੋ ਗਿਆ।ਧਰਮਪਾਲ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੀ ਬਾਜ਼ਾਰ ’ਚ ਜਵੈਲਰ ਦੀ ਦੁਕਾਨ ਹੈ ਅਤੇ ਉਸ ਦੀ ਦੁਕਾਨ ਦੇ ਉੱਪਰ ਇਕ ਦੁਕਾਨ ਲਗਪਗ 15 ਸਾਲਾਂ ਤੋਂ ਉਕਤ ਵਿਅਕਤੀ ਨੂੰ ਕਿਰਾਏ ’ਤੇ ਦਿੱਤੀ ਹੋਈ ਸੀ ਜਿੱਥੇ ਉਹ ਸੋਨੇ ਦੇ ਗਹਿਣੇ ਬਣਾਉਣ ਅਤੇ ਰਿਪੇਅਰ ਕਰਨ ਦਾ ਕੰਮ ਕਰਦਾ ਸੀ। ਉਸ ਨੂੰ ਉਹ ਵੀ ਸੋਨੇ ਦੇ ਗਹਿਣੇ ਬਣਾਉਣ ਲਈ ਦਿੰਦੇ ਸਨ। ਉਕਤ ਵਿਅਕਤੀ ਨੇ ਆਪਣੇ ਨਾਲ ਹੋਰ ਕਾਰੀਗਰ ਵੀ ਰੱਖੇ ਹੋਏ ਸਨ ਤੇ ਉਸ ਤੋਂ ਇਲਾਵਾ ਬਾਜ਼ਾਰ ਦੇ ਹੋਰ ਜਵੈਲਰ ਵੀ ਉਕਤ ਵਿਅਕਤੀ ਨੂੰ ਸੋਨੇ ਦੇ ਗਹਿਣੇ ਬਣਾਉਣ ਲਈ ਦਿੰਦੇ ਸਨ।ਜਦੋ ਸਵੇਰੇ ਦੁਕਾਨ ’ਤੇ ਆਇਆ ਤਾਂ ਦੇਖਿਆ ਕਿ ਉਸ ਦੀ ਉੱਪਰ ਵਾਲੀ ਦੁਕਾਨ ਦਾ ਸ਼ਟਰ ਬੰਦ ਸੀ। ਉਸ ਨੇ ਉਕਤ ਵਿਅਕਤੀ ਨੂੰ ਫੋਨ ਕੀਤਾ ਤਾਂ ਉਸ ਦਾ ਮੋਬਾਈਲ ਬੰਦ ਆ ਰਿਹਾ ਸੀ। ਉਸ ਨੇ ਅਤੇ ਹੋਰ ਜਵੈਲਰਾਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ ਕੀਤੀ ਪਰ ਕੋਈ ਸੁਰਾਗ ਨਾ ਲੱਗਾ। ਚੌਹਾਨ ਨੇ ਕਿਹਾ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦੇ ਸਮੇਤ ਹੋਰਨਾਂ ਦੁਕਾਨਦਾਰਾਂ ਵੱਲੋਂ ਦਿੱਤੇ ਗਏ ਸੋਨੇ ਨੂੰ ਉਕਤ ਵਿਅਕਤੀ ਲੈ ਕੇ ਭੱਜ ਗਿਆ ਹੈ।ਥਾਣਾ ਡਵੀਜ਼ਨ ਨੰ. 1 ਪੁਲਿਸ ਨੇ ਸ਼ਿਕਾਇਤ ਮਿਲਣ ’ਤੇ ਪੱਛਮੀ ਬੰਗਾਲ ਦੇ ਜ਼ਿਲ੍ਹਾ ਹੋਵਰ, ਡਾਕ. ਖਿਲਾ ਵਿਚ ਪੈਂਦੇ ਪਿੰਡ ਕਲਿਆਣ ਚੱਕ ਵਾਸੀ ਪ੍ਰੇਮ ਸਮਾਂਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।