ਬੀਬੀਐਨ ਨੈਟਵਰਕ ਪੰਜਾਬ ਮਾਨਸਾ ਬਿਊਰੋ,24 ਨਵੰਬਰ
ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਦੋ ਲਾਵਾਰਿਸ ਮਰੀਜ਼ਾਂ ਨੂੰ ਡਾਕਟਰਾਂ ਦੇ ਕਹਿਣ ’ਤੇ ਐਂਬੂਲੈਂਸ ਡਰਾਈਵਰ ਨੇ ਦੂਰ-ਦੁਰਾਡੇ ਸੁੱਟ ਆਂਦਾ ਜਿੱਥੇ ਇੱਕ ਮਰੀਜ਼ ਦੀ ਮੌਤ ਹੋ ਗਈ ਹੈ, ਜਦੋਂਕਿ ਦੂਸਰੇ ਮਰੀਜ਼ ਨੂੰ ਸਮਜਸੇਵੀਆਂ ਨੇ ਮਾਨਸਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।ਇਸ ਸਬੰਧੀ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਜਦਕਿ ਇਹ ਬਹੁਤ ਵੱਡਾ ਮਾਮਲਾ ਹੈ। ਮਰੀਜ਼ਾਂ ਨੂੰ ਲਾਵਾਰਿਸ ਥਾਂ ’ਤੇ ਸੁੱਟਣ ਵਾਲੇ ਐਂਬੂਲੈਂਸ ਡਰਾਈਵਰ ਨੇ ਡਾਕਟਰਾਂ ਦਾ ਨਾਮ ਲੈਂਦੇ ਹੋਏ ਉਸ ਨੂੰ ਪੈਸੇ ਦੇ ਕੇ ਮਰੀਜ਼ਾਂ ਨੂੰ ਸੁੱਟਣ ਦੀ ਗੱਲ ਕਹੀ ਸੀ। ਐਡਵੋਕੇਟ ਲਖਵਿੰਦਰ ਲਖਣਪਾਲ ਨੇ ਕਿਹਾ ਕਿ ਮਰੀਜ਼ਾਂ ਨੂੰ ਬਾਹਰ ਸੁੱਟਣਾ ਮੰਦਭਾਗੀ ਗੱਲ ਹੈ। ਇਸ ਘਟਨਾ ਨੇ ਡਾਕਟਰੀ ਪੇਸ਼ੇ ਨੂੰ ਸ਼ਰਮਸ਼ਾਰ ਕੀਤਾ ਹੈ।ਸਿਵਲ ਸਰਜਨ ਮਾਨਸਾ ਡਾ. ਰਣਜੀਤ ਰਾਏ ਨੇ ਦੱਸਿਆ ਕਿ ਜਾਂਚ ਲਈ ਟੀਮ ਗਠਿਤ ਕਰ ਦਿੱਤੀ ਗਈ ਹੈ। ਟੀਮ ਦੀ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਦੀ ਕੁਤਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।