ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ, 25 ਨਵੰਬਰ
ਸਿਪਾਹੀ ਹਰਦੀਪ ਸਿੰਘ, ਜੋ ਕਿ ਆਪਣੀ ਪਤਨੀ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਛੁੱਟੀ ਲੈ ਕੇ ਰਾਜਸਥਾਨ ਤੋਂ ਖੰਨਾ ਪਰਤ ਰਿਹਾ ਸੀ, ਦੀ ਲੁਧਿਆਣਾ ਵਿਖੇ ਰਸਤੇ ’ਚ ਮੌਤ ਹੋ ਗਈ। ਹਰਦੀਪ ਸਿੰਘ ਜੋਧਪੁਰ ਤੋਂ ਬੱਸ ਰਾਹੀਂ ਵਾਪਸ ਆ ਰਿਹਾ ਸੀ। ਲੁਧਿਆਣਾ ’ਚ ਬੱਸ ਰੁਕੀ ਤਾਂ ਜਦੋਂ ਉਹ ਆਪਣੀ ਸੀਟ ਤੋਂ ਨਾ ਉੱਠਿਆ ਤਾਂ ਕੰਡਕਟਰ ਨੇ ਜਾ ਕੇ ਦੇਖਿਆ ਕਿ ਉਸ ਦੇ ਸਰੀਰ ’ਚ ਕੋਈ ਹਿਲਜੁਲ ਨਹੀਂ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦਾ ਖੰਨਾ ਦੇ ਪਿੰਡ ਬੀਜਾ ’ਚ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਫੌਜ ਦੀ ਟੁਕੜੀ ਤੇ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਮੌਕੇ ’ਤੇ ਪਹੁੰਚ ਗਏ ਸਨ।ਸ਼ਹੀਦ ਸਿਪਾਹੀ ਹਰਦੀਪ ਸਿੰਘ ਦੇ ਭਰਾ ਗੁਰਦੀਪ ਸਿੰਘ ਅਤੇ ਜੀਜਾ ਪ੍ਰਿਥੀ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਆਪਣੀ ਪਤਨੀ ਦੀ ਤਬੀਅਤ ਵਿਗੜਨ ਤੋਂ ਬਾਅਦ ਘਰ ਪਰਤ ਰਿਹਾ ਸੀ ਅਤੇ ਰਸਤੇ ’ਚ ਅਚਾਨਕ ਅਟੈਕ ਹੋਣ ਕਾਰਨ ਉਸਦੀ ਮੌਤ ਹੋ ਗਈ ਹੈ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਡਿਊਟੀ ਤੋਂ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪ੍ਰਸ਼ਾਸਨ ਵੱਲੋਂ ਮੌਕੇ ’ਤੇ ਪੁੱਜੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਮੰਗ ਨੂੰ ਸਰਕਾਰ ਦੇ ਧਿਆਨ ’ਚ ਲਿਆਂਦਾ ਜਾਵੇਗਾ।