ਬੀਬੀਐਨ ਨੈਟਵਰਕ ਪੰਜਾਬ ਅੰਮ੍ਰਿਤਸਰ ਬਿਊਰੋ, 25 ਨਵੰਬਰ
ਦੀਵਾਲੀ ਦੀ ਰਾਤ ਗਲੀ ਚਾਹ ਵਾਲੀ, ਕਟੜਾ ਦੂਲੋਂ ’ਚ ਦੋ ਧੜਿਆਂ ਵਿਚਾਲੇ ਹੋਈ ਗੋਲੀਬਾਰੀ ’ਚ ਸ਼ਾਮਲ ਮੁੱਖ ਮੁਲਜ਼ਮ ਗੈਂਗਸਟਰ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਨੂੰ ਥਾਣਾ ਮਹਿਤਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਆਪਣੇ ਸਾਥੀ ਗੈਂਗਸਟਰ ਅਕੁਲ ਕੁਮਾਰ ਉਰਫ਼ ਅਕੁਲ ਖੱਤਰੀ ਵਾਸੀ ਮਹਿਤਾ ਚੌਕ ਦੇ ਘਰ ਲੁਕਿਆ ਹੋਇਆ ਸੀ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 32 ਬੋਰ ਦਾ ਇਕ ਪਿਸਤੌਲ, ਤਿੰਨ ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ। ਡੀ ਡਵੀਜ਼ਨ ਥਾਣੇ ਦੀ ਪੁਲਿਸ ਦੀਵਾਲੀ ਦੀ ਰਾਤ ਤੋਂ ਹੀ ਮੁਲਜ਼ਮ ਦੀ ਭਾਲ ਵਿਚ ਲੱਗੀ ਹੋਈ ਸੀ। ਸ਼ੇਰਾ ਨੂੰ ਗੈਂਗਸਟਰ ਅਕੁਲ ਖੱਤਰੀ ਨੇ ਪਨਾਹ ਦਿੱਤੀ ਹੋਈ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਕੁਲ ਖੱਤਰੀ ਖ਼ਿਲਾਫ਼ 22 ਤੇ ਸ਼ੇਰਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ 12 ਕੇਸ ਦਰਜ ਹਨ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਨ੍ਹਾਂ ਕੋਲੋਂ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।