ਬੀਬੀਐਨ ਨੈਟਵਰਕ ਪੰਜਾਬ ਫਰੀਦਕੋਟ ਬਿਊਰੋ, 25 ਨਵੰਬਰ
ਚੀਫ ਜੁਡੀਸ਼ੀਅਲ ਮੈਜਿਸਟਰੇਟ ਮੋਨਿਕਾ ਲਾਂਬਾ ਵੱਲੋਂ ਆਪਣੇ ਇਕ ਫੈਸਲੇ 'ਚ ਪੰਜਾਬ ਦੇ ਨੌਜਵਾਨਾਂ ਨੂੰ ਕੈਨੇਡਾ ਦੀਆਂ ਕੁੜੀਆਂ ਨਾਲ ਵਿਆਹ ਦਾ ਝਾਂਸਾ ਦੇ ਕੇ ਲੱਖਾ ਰੁਪਏ ਠੱਗਣ ਵਾਲੇ ਇੱਕ ਗੈਂਗ ਦੇ ਚਾਰ ਮੈਬਰਾਂ ਨੂੰ 5-5 ਸਾਲ ਦੀ ਕੈਦ ਅਤੇ 15 –15 ਹਜਾਰ ਰੁਪਏ ਜੁਰਮਾਨੇ ਦਾ ਹੁਕਮ ਕੀਤਾ ਗਿਆ ਹੈ। ਨਰਿੰਦਰ ਪੁਰੇਵਾਲ, ਮਨਪ੍ਰੀਤ ਧਾਲੀਵਾਲ, ਗਗਨਦੀਪ ਸਿੰਘ ਤੇ ਪਰਮਪਾਲ ਸਿੰਘ ਨੇ ਇੱਕ ਗੈਂਗ ਬਣਾ ਕੇ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਕੈਨੇਡਾ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ ਉੱਥੇ ਸੈਂਟਲ ਕਰਨ ਦਾ ਝਾਂਸਾ ਦੇ ਕੇ ਮੋਟੀ ਰਕਮ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ।ਉਕਤ ਵਿਅਕਤੀਆਂ ਦੇ ਖਿਲਾਫ 22 ਮਾਰਚ 2019 ਨੂੰ ਆਈਪੀਸੀ ਦੀ ਧਾਰਾ 420, 465, 467, 468, 471, ਅਤੇ 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਵਿਚ ਸਰਦੂਲ ਸਿੰਘ ਨੇ ਦੋਸ਼ ਲਾਇਆ ਸੀ ਕਿ ਉਕਤ ਮੁਲਜ਼ਮਾਂ ਨੇ ਆਪਸ ਵਿੱਚ ਸਾਜਬਾਜ ਹੋ ਕੇ ਉਸ ਦੇ ਲੜਕੇ ਪਰਵਿੰਦਰ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 35 ਲੱਖ ਰੁਪਏ ਠੱਗੇ ਹਨ । ਚਾਰ ਸਾਲ ਦੀ ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਉਕਤ ਸਜ਼ਾ ਤੇ ਜੁਰਮਾਨੇ ਦਾ ਹੁਕਮ ਸੁਣਾਇਆ ਹੈ ।