ਬੀਬੀਐਨ ਨੈਟਵਰਕ ਪੰਜਾਬ ਬਠਿੰਡਾ ਬਿਊਰੋ, 28 ਨਵੰਬਰ
ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੂੰ ਫੌਜ ਦੀਆਂ ਗੁਪਤ ਜਾਣਕਾਰੀਆਂ ਭੇਜਣ ਦੇ ਦੋਸ਼ ਹੇਠ ਕਾਬੂ ਕੀਤਾ ਬਠਿੰਡੇ ਦਾ ਨੌਜਵਾਨ ਅੰਮ੍ਰਿਤ ਗਿੱਲ ਇਸ ਤੋਂ ਪਹਿਲਾਂ ਬੇਅਦਬੀ ਦੇ ਮਾਮਲੇ ਵਿਚ ਨਾਮਜ਼ਦ ਹੋ ਚੁੱਕਾ ਹੈ। ਉਸ ਨੇ ਸਾਲ 2020 ਵਿਚ ਆਪਣੇ ਪਿੰਡ ’ਚ ਗੁਟਕਾ ਸਾਹਿਬ ਦੇ ਅੰਗ ਖੰਡਿਤ ਕਰ ਕੇ ਸੁੱਟ ਦਿੱਤੇ ਸਨ। ਪਿੰਡ ਦੁੱਲੇਵਾਲਾ ਨਾਲ ਸਬੰਧਤ ਇਹ ਨੌਜਵਾਨ ਅੰਮ੍ਰਿਤ ਗਿੱਲ ਉਰਫ ਅੰਮ੍ਰਿਤਪਾਲ ਸਿੰਘ ਨੇ ਫੌਜੀ ਛਾਉਣੀ ਵਿਚ ਆਟੋ ਪਾਇਆ ਹੋਇਆ ਸੀ। ਉਹ ਫੌਜੀ ਛਾਉਣੀ ਵਿਚ ਆਟੋ ਚਲਾਉਣ ਦੇ ਬਹਾਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੂੰ ਗੁਪਤ ਜਾਣਕਾਰੀਆਂ ਭੇਜ ਰਿਹਾ ਸੀ। ਅੰਮ੍ਰਿਤ ਗਿੱਲ ਦੇ ਨਾਲ ਨਾਲ ਉਸ ਦੇ ਸਾਥੀ ਗਾਜ਼ੀਆਬਾਦ ਦੇ ਰਹਿਣ ਵਾਲੇ ਰਿਆਜ਼ੂਦੀਨ ਅਤੇ ਬਿਹਾਰ ਦੇ ਇਜ਼ਹਾਰੂਲ ਵਿਰੁੱਧ ਵੀ ਲਖਨਊ ਦੇ ਐਂਟੀ ਟੈਰੋਰਿਸਟ ਸਕੈਉਡ ਨੇ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ। ਉਕਤ ਤਿੰਨੇ ਵਿਅਕਤੀ ਮਿਲ ਕੇ ਫੌਜ ਦੀਆਂ ਗੁਪਤ ਜਾਣਕਾਰੀਆਂ ਪਾਕਿਸਤਾਨੀ ਖੁਫੀਆ ਏਜੰਸੀ ਕੋਲ ਪਹੁੰਚਾ ਰਹੇ ਸਨ।ਲਖਨਊ ਪੁਲਿਸ ਦੇ ਐਂਟੀ ਟੈਰੋਰਿਸਟ ਸਕੁਆਇਡ ਨੇ ਅੰਮ੍ਰਿਤ ਗਿੱਲ ਅਤੇ ਰਿਆਜੂਦੀਨ ਨੂੰ ਗ੍ਰਿਫਤਾਰ ਕਰ ਲਿਆ। ਐਂਟੀ ਟੈਰੋਰਿਸਟ ਸੁਕਆਇਡ ਅੰਮ੍ਰਿਤ ਗਿੱਲ ਨੂੰ ਇਤਿਹਾਸਕ ਨਗਰ ਤਲਵੰਡੀ ਸਾਬੋ ਤੋਂ ਗ੍ਰਿਫਤਾਰ ਕਰਕੇ ਲਖਨਊ ਲੈ ਗਿਆ ਹੈ ਜਿੱਥੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਛਾਪੇਮਾਰੀ ਕਰਨ ਤੋਂ ਬਾਅਦ ਉਸ ਦਾ ਪਰਿਵਾਰ ਵੀ ਮਕਾਨ ਨੂੰ ਤਾਲਾ ਲਗਾ ਕੇ ਕਿਧਰੇ ਚਲਾ ਗਿਆ ਹੈ।