ਬੀਬੀਐਨ ਨੈਟਵਰਕ ਪੰਜਾਬ ਅੰਮ੍ਰਿਤਸਰ ਬਿਊਰੋ, 28 ਨਵੰਬਰ
ਸੀਆਈਏ ਸਟਾਫ-3 ਵੱਲੋਂ ਛੇ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਤਸਕਰ ਮਹਿੰਦਰ ਪਾਲ ਵਾਸੀ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਸੌਰਵ ਸ਼ਰਮਾ ਵਾਸੀ ਪਿੱਪਲਾਂਵਾਲੀ, ਹੁਸ਼ਿਆਰਪੁਰ ਦਾ ਤੀਜਾ ਸਾਥੀ ਜਸਮੀਤ ਸਿੰਘ ਉਰਫ਼ ਲੱਕੀ ਕੁਝ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਹੈ ਅਤੇ ਉਥੋਂ ਹੀ ਉਹ ਪੰਜਾਬ ਵਿਚ ਨਸ਼ਾ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਹੈ। ਉਹ ਇਸ ਸਾਲ ਮਾਰਚ ਮਹੀਨੇ ’ਚ ਹੀ ਜੇਲ੍ਹ ’ਚੋਂ ਬਾਹਰ ਆਇਆ ਸੀ। ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਅਤੇ ਐੱਨਡੀਪੀਐਸ ਐਕਟ ਦੇ ਕਰੀਬ 11 ਕੇਸ ਦਰਜ ਹਨ। ਇੰਨੇ ਕੇਸ ਦਰਜ ਹੋਣ ਦੇ ਬਾਵਜੂਦ ਉਹ ਅਮਰੀਕਾ ਚਲਾ ਗਿਆ ਹੈ। ਇਸ ਤੋਂ ਸਪੱਸ਼ਟ ਹੈ ਕਿ ਉਹ ਪੰਜਾਬ ਪੁਲਿਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੀ ਅਮਰੀਕਾ ਜਾ ਸਕਿਆ ਹੈ। ਮੁਲਜ਼ਮ ਜਾਅਲੀ ਦਸਤਾਵੇਜ਼ ਬਣਾ ਕੇ ਅਮਰੀਕਾ ਚਲਾ ਗਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਗੈਂਗਸਟਰ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਵਿਦੇਸ਼ ਭੱਜ ਚੁੱਕੇ ਹਨ ਜਿਨ੍ਹਾਂ ਵਿਚ ਗੈਂਗਸਟਰ ਲੰਡਾ, ਅਰਸ਼ਦੀਪ ਸਿੰਘ ਡੱਲਾ ਅਤੇ ਹੋਰ ਕਈ ਗੈਂਗਸਟਰ ਸ਼ਾਮਲ ਹਨ। ਲੰਡਾ ਨੂੰ ਵੀ ਅੱਤਵਾਦੀ ਐਲਾਨਿਆ ਗਿਆ ਹੈ।