ਬੀਬੀਐਨ ਨੈਟਵਰਕ ਪੰਜਾਬ ਅੰਮ੍ਰਿਤਸਰ ਬਿਊਰੋ,29 ਨਵੰਬਰ
ਕੇਂਦਰੀ ਜੇਲ੍ਹ ਫਤਾਹਪੁਰ ਵਿਚ ਬੈਠੇ ਹਵਾਲਾਤੀ ਅੱਜ ਵੀ ਜੇਲ੍ਹਾਂ ਵਿਚ ਬਿਨਾਂ ਕਿਸੇ ਡਰ ਦੇ ਮੋਬਾਇਲ ਦੀ ਵਰਤੋਂ ਕਰ ਰਹੇ ਹਨ। ਇੰਨਾ ਹੀ ਨਹੀਂ ਸਗੋਂ ਇਹ ਲੋਕ ਜੇਲ੍ਹਾਂ ਵਿਚ ਬੈਠੇ ਆਪਣੀਆਂ ਫੋਟੋਆਂ ਵੀ ਫੇਸਬੁੱਕ ਆਦਿ ’ਤੇ ਅਪਲੋਡ ਕਰ ਰਹੇ ਹਨ। ਸੋਮਵਾਰ ਨੂੰ ਅੰਡਰ ਟਰਾਇਲ ਅਕਾਸ਼ਦੀਪ ਸਿੰਘ ਵਾਸੀ ਗੁਰਵਾਲੀ ਥਾਣਾ ਚਾਟੀਵਿੰਡ ਅਤੇ ਅੰਡਰ ਟਰਾਇਲ ਵਿਸ਼ਾਲ ਵਾਸੀ ਮੰਦਰ ਵਾਲੀ ਗਲੀ ਸੁਲਤਾਨਵਿੰਡ ਰੋਡ ਨੇ ਜੇਲ੍ਹ ਵਿਚੋਂ ਖੁਦ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀ ਹੈ। ਇਸ ਦੀ ਸੂਚਨਾ ਮਿਲਦੇ ਹੀ ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿਚ ਆ ਕੇ ਜੇਲ੍ਹ ਦੀ ਚੈਕਿੰਗ ਕੀਤੀ ਅਤੇ ਇਸ ਦੌਰਾਨ ਪੁਲਿਸ ਨੇ ਦੋਵਾਂ ਬੰਦਿਆਂ ਤੋਂ ਮੋਬਾਇਲ ਫ਼ੋਨ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਜੇਲ ਪ੍ਰਸ਼ਾਸਨ ਨੇ ਪੂਰੀ ਜੇਲ ’ਚ ਤਲਾਸ਼ੀ ਮੁਹਿੰਮ ਚਲਾਈ, ਜਿਸ ਤੋਂ ਬਾਅਦ ਪੁਲਸ ਨੇ ਹਵਾਲਾਤੀਆਂ ਦੀ ਚੈਕਿੰਗ ਕੀਤੀ। ਪੁਲਿਸ ਨੇ ਚੈਕਿੰਗ ਕਰਨ ਤੋਂ ਬਾਅਦ 17 ਦੇ ਕਰੀਬ ਮੋਬਾੲਲ ਫ਼ੋਨ ਵੀ ਬਰਾਮਦ ਕੀਤੇ। ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਕਰੀਬ 19 ਵਿਅਕਤੀੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।