ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ, 5 ਦਸੰਬਰ
ਥਾਣਾ ਦੋਰਾਹਾ ਨੇੜੇ ਇਕ ਵਿਅਕਤੀ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ’ਚ ਗੁਰਦੀਪ ਸਿੰਘ (38) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਲੰਡਾ, ਥਾਣਾ ਦੋਰਾਹਾ ਨੂੰ ਗ੍ਰਿਫ਼ਤਾਰ ਕੀਤਾ ਹੈ। ਬੇਅਦਬੀ ਦੀ ਇਸ ਘਟਨਾ ਦਾ ਉਸ ਵਕਤ ਪਤਾ ਲੱਗਾ ਹੈ ਜਦੋਂ ਉਕਤ ਮੁਲਜ਼ਮ ਦੀ ਕਿਸੇ ਵੱਲੋਂ ਬੇਅਦਬੀ ਕਰਦੇ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਹੈ। ਇਸ ਮੰਦਭਾਗੀ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਦੇ ਨੌਜਵਾਨਾਂ ਨੇ ਬੇਅਦਬੀ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ’ਤੇ ਥਾਣਾ ਮੁਖੀ ਵਿਜੇ ਕੁਮਾਰ ਤੇ ਥਾਣੇਦਾਰ ਸਿਕੰਦਰਰਾਜ ਸਿੰਘ ਵੱਲੋਂ ਇੰਦਰਪ੍ਰੀਤ ਸਿੰਘ ਉਰਫ਼ ਹਨੀ ਸੇਠੀ ਵਾਸੀ ਦੋਰਾਹਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਦੋਰਾਹਾ ਵਿਖੇ ਮਾਮਲਾ ਦਰਜ ਕੀਤਾ ਹੈ।