ਬੀਬੀਐਨ ਨੈਟਵਰਕ ਪੰਜਾਬ ਜਲੰਧਰ ਬਿਊਰੋ, 5 ਦਸੰਬਰ
ਪੰਜਾਬ 'ਚ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਵਾਹਨ ਚਾਲਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਲੁਧਿਆਣਾ, ਪਟਿਆਲਾ, ਜਲੰਧਰ ਸਮੇਤ ਕਈ ਜ਼ਿਲ੍ਹਿਆਂ 'ਚ ਸੰਘਣੀ ਧੁੰਦ ਛਾਈ ਰਹੀ। ਸਵੇਰੇ ਪੰਜ ਤੋਂ ਸੱਤ ਵਜੇ ਤਕ ਧੁੰਦ ਇੰਨੀ ਸੰਘਣੀ ਸੀ ਕਿ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਸੀ। ਵਾਹਨ ਚਾਲਕਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਸਾਹਮਣੇ ਕੁਝ ਵੀ ਸਾਫ਼ ਨਜ਼ਰ ਨਹੀਂ ਆ ਰਿਹਾ ਸੀ। ਹਫ਼ਤੇ ਦੇ ਪਹਿਲੇ ਸੰਘਣੀ ਧੁੰਦ ਸਵੇਰੇ ਸਵਾ ਦਸ ਵਜੇ ਤਕ ਛਾਈ ਰਹੀ ਜਿਸ ਕਾਰਨ ਸਕੂਲੀ ਬੱਚੇ ਵੀ ਠੰਢ ਦੀ ਵਜ੍ਹਾ ਨਾਲ ਕੰਬਦੇ ਨਜ਼ਰ ਆਏ। ਦੂਜੇ ਦਿਨ ਦਾ ਹਾਲ ਵੀ ਅਜਿਹਾ ਹੀ ਰਿਹਾ। ਸਵੇਰੇ-ਸਵੇਰੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਨਾ-ਬਰਾਬਰ ਸੀ। ਹਾਲਾਂਕਿ ਸਕੂਲਾਂ ਦੇ ਸਮੇਂ 'ਚ ਤਬਦੀਲੀ ਹੋਈ ਹੈ ਪਰ ਦੂਰੋਂ-ਦੁਰਾਡਿਓਂ ਆਉਣ ਵਾਲੇ ਵਿਦਿਆਰਥੀਆਂ ਨੂੰ ਜਲਦੀ ਹੀ ਘਰੋਂ ਨਿਕਲਣਾ ਪਿਆ। ਉੱਥੇ ਹੀ ਧੁੰਦ ਦਾ ਅਸਰ ਰੇਲ ਗੱਡੀਆਂ ਦੀ ਮਠੀ ਹੋਈ ਰਫ਼ਤਾਰ ਦੇ ਰੂਪ 'ਚ ਦੇਖਣ ਨੂੰ ਮਿਲਿਆ। ਕਈ ਰੇਲ ਗੱਡੀਆਂ ਆਪੋ-ਆਪਣੀ ਮੰਜ਼ਿਲ 'ਤੇ ਦੇਰ ਨਾਲ ਪੁਹੰਚੀਆਂ। ਜਿਸ ਕਾਰਨ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਵੀ ਪਰੇਸ਼ਾਨੀ ਹੋਈ।ਮੌਸਮ ਵਿਭਾਗ ਵੱਲੋਂ ਬਦਲਦੇ ਹਾਲਾਤਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਚਾਰ ਦਿਨ ਅਜੇ ਅਜਿਹੀ ਹੀ ਸਥਿਤੀ ਬਣੀ ਰਹੇਗੀ।