ਬੀਬੀਐਨ ਨੈਟਵਰਕ ਪੰਜਾਬ ਬਠਿੰਡਾ ਬਿਊਰੋ,6 ਦਸੰਬਰ
ਸੰਗਰੂਰ ਦੇ ਰੇਲਵੇ ਸਟੇਸ਼ਨ ਤੋਂ ਪੌਣੇ ਦੋ ਕਰੋੜ ਰੁਪਏ ਮੁੱਲ ਦਾ ਸੋਣਾ ਲੁੱਟਣ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਸੂਰਤ ਨਾਲ ਸਬੰਧਤ ਸ੍ਰੀ ਬਾਈਟ ਮੈਜਿਸਟਕ ਕੰਪਨੀ ਦੇ ਮੁਲਾਜ਼ਮ ਰਾਜੂ ਕੋਲੋਂ ਤਿੰਨ ਕਿਲੋ 765 ਗ੍ਰਾਮ ਸੋਨਾ ਲੁੱਟਣ ਦੇ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਬਠਿੰਡਾ ਪੁਲਿਸ ਨੇ ਐਤਵਾਰ ਨੂੰ ਲੁੱਟ ਕਰਨ ਵਾਲੇ ਲੁਟੇਰਿਆਂ ਨੂੰ ਬਠਿੰਡਾ ਵਿਚ ਘੇਰ ਕੇ ਉਨ੍ਹਾਂ ਕੋਲ ਸੋਨਾ ਬਰਾਮਦ ਕਰ ਲਿਆ ਸੀ ਜਦੋਂ ਕਿ ਕਥਿਤ ਲੁਟੇਰੇ ਫਰਾਰ ਹੋਣ ਵਿੱਚ ਸਫਲ ਹੋ ਗਏ ਸਨ। ਹੁਣ ਬਠਿੰਡਾ ਪੁਲਿਸ ਨੇ ਸੋਨੇ ਦੀ ਇਸ ਲੁੱਟ ਵਿਚ ਸ਼ਾਮਲ ਇਕ ਪੁਲਿਸ ਮੁਲਾਜ਼ਮ ਅਸੀਮ ਕੁਮਾਰ ਪੁੱਤਰ ਬਿਕਰਮਜੀਤ ਸਿੰਘ ਵਾਸੀ ਪਿੰਡ ਰਾਮਸਰਾ ਜ਼ਲ੍ਹਿਾ ਫਾਜ਼ਲਿਕਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਲੁੱਟ ਦੇ ਮਾਮਲੇ ਵਿਚ ਪੁਲਿਸ ਕਈ ਥਿਓਰੀਆਂ ’ਤੇ ਕੰਮ ਕਰ ਰਹੀ। ਸੋਨਾ ਲੈ ਕੇ ਆ ਰਹੇ ਕੰਪਨੀ ਦੇ ਮੁਲਾਜ਼ਮ ਉੱਪਰ ਵੀ ਸ਼ੱਕ ਦੀ ਸੂਈ ਘੁੰਮ ਰਹੀ ਹੈ। ਆਖਰਕਾਰ ਪੌਣੇ ਦੋ ਕਰੋੜ ਰੁਪਏ ਮੁੱਲ ਦਾ ਸੋਨਾ ਲੈ ਕੇ ਆ ਰਹੇ ਮੁਲਾਜ਼ਮ ਦੀ ਸੂਚਨਾ ਲੁਟੇਰਿਆਂ ਨੂੰ ਕਿਸ ਤਰ੍ਹਾਂ ਮਿਲੀ। ਥਾਣਾ ਸਿਵਲ ਲਾਈਨ ਦੇ ਐਸਐਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸੰਗਰੂਰ ਵਿੱਚ ਸੋਨੇ ਦੀ ਲੁੱਟ ਕਰਨ ਸਮੇਂ ਗ੍ਰਿਫਤਾਰ ਕੀਤੇ ਆਸ਼ੀਮ ਕੁਮਾਰ ਨੇ ਵਰਦੀ ਪਹਿਨੀ ਹੋਈ ਸੀ। ਉਨ੍ਹਾਂ ਦੱਸਿਆ ਕਿ ਸੋਨੇ ਤੋਂ ਇਲਾਵਾ ਵਾਰਦਾਤ ਵਿਚ ਵਰਤੀ ਗਈ ਕਾਰ ਅਤੇ ਪੁਲਿਸ ਦੀ ਵਰਦੀ ਵੀ ਅਸੀਮ ਕੁਮਾਰ ਤੋਂ ਬਰਾਮਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅਸੀਮ ਕੁਮਾਰ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦਾ ਬਾਅਦ ਵਿਚ ਖੁਲਾਸਾ ਕੀਤਾ ਜਾਵੇਗਾ।