ਬੀਬੀਐਨ ਨੈਟਵਰਕ ਪੰਜਾਬ ਚੰਡੀਗੜ੍ਹ ਬਿਊਰੋ,7 ਦਸੰਬਰ
ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਵੱਲੋਂ ਬੁੱਧਵਾਰ ਨੂੰ ਵਿਸ਼ੇਸ਼ ਆਪੇ੍ਰਸ਼ਨ ‘ਆਪੇ੍ਰਸ਼ਨ ਸੀਲ-5’ ਚਲਾਇਆ ਗਿਆ ਜਿਸ ਤਹਿਤ ਸਰਹੱਦੀ ਰਾਜ ਵਿਚ ਦਾਖ਼ਲ ਹੋਣ ਜਾਂ ਬਾਹਰ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਜੋ ਪੰਜਾਬ ਵਿਚ ਨਸ਼ਾ ਤਸਕਰੀ ਅਤੇ ਸ਼ਰਾਬ ਤਸਕਰੀ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਤੱਤਾਂ ਦੀਆਂ ਗਤੀਵਿਧੀਆਂ ’ਤੇ ਵੀ ਬਾਜ਼ ਅੱਖ ਰੱਖੀ ਜਾ ਸਕੇ। ਇਹ ਚੈਕਿੰਗ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਇੱਕੋ ਸਮੇਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤੀ ਗਈ। ਡੀਜੀਪੀ ਨੇ ਦੱਸਿਆ ਕਿ ਸੂਬੇ ਵਿਚ ਦਾਖ਼ਲ/ਬਾਹਰ ਜਾਣ ਵਾਲੇ 3760 ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚੋਂ 271 ਦੇ ਚਲਾਨ ਕੀਤੇ ਗਏ ਅਤੇ 46 ਨੂੰ ਜ਼ਬਤ ਕੀਤਾ ਗਿਆ। ਪੁਲਿਸ ਨੇ 23 ਐੱਫਆਈਆਰਜ਼ ਦਰਜ ਕਰ ਕੇ 26 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ। ਇਸ ਦੌਰਾਨ ਪੁਲਿਸ ਟੀਮਾਂ ਨੇ 211 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ।