ਬੀਬੀਐਨ ਨੈਟਵਰਕ ਪੰਜਾਬ ਅੰਮ੍ਰਿਤਸਰ ਬਿਊਰੋ,7 ਦਸੰਬਰ
ਸ਼ਰਮਾ ਕਾਲੋਨੀ ਨੌਸ਼ਹਿਰਾ ਖੁਰਦ ਵਿਚ ਪੰਜਾਬ ਪੁਲਿਸ ਦੇ ਸੇਵਾਮੁਕਤ ਇੰਸਪੈਕਟਰ ਦਾ ਉਸ ਦੀ ਪਤਨੀ ਨੇ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ। ਸੇਵਾਮੁਕਤ ਇੰਸਪੈਕਟਰ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਦੂਜੀ ਪਤਨੀ ਉਸ ਨੂੰ ਬਹੁਤ ਤੰਗ ਕਰਦੀ ਸੀ ਤੇ ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਉਸ ਦੀ ਪਤਨੀ ਨੇ ਇਕ ਲੜਕੀ ਨੂੰ ਆਪਣੇ ਨਾਲ ਰੱਖਿਆ ਹੋਇਆ ਸੀ ਜਿਸ ਕਾਰਨ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ।ਕੁਝ ਦਿਨਾਂ ਤੋਂ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਚੱਲ ਰਹੀ ਸੀ, ਜਿਸ ਕਾਰਨ ਉਸ ਦੀ ਪਤਨੀ ਨੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ ਜਿਸ ਤੋਂ ਬਾਅਦ ਦੇਹ ਦਾ ਸਸਕਾਰ ਵੀ ਕੀਤਾ ਗਿਆ। ਮ੍ਰਿਤਕ ਦੀ ਪਛਾਣ ਭਾਗ ਸਿੰਘ ਵਾਸੀ ਸ਼ਰਮਾ ਕਾਲੋਨੀ, ਨੌਸ਼ਹਿਰਾ ਖੁਰਦ ਵਜੋਂ ਹੋਈ ਹੈ।ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਕਤਲ ਕੀਤਾ ਗਿਆ ਹੈ। ਉਸ ਦੀ ਮਤਰੇਈ ਮਾਂ ਪਰਮਜੀਤ ਕੌਰ, ਮਨਜੀਤ ਸਿੰਘ ਸੈਣੀ ਤੇ ਮਾਹੀ ਨੇ ਉਸ ਦੇ ਪਿਤਾ ਦਾ ਜ਼ਹਿਰੀਲਾ ਪਦਾਰਥ ਦੇ ਕੇ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਇੰਚਾਰਜ ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਦੇ ਦੋਵੇਂ ਸਾਥੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।