ਬੀਬੀਐਨ ਨੈਟਵਰਕ ਪੰਜਾਬ ਕਪੂਰਥਲਾ ਬਿਊਰੋ,7 ਦਸੰਬਰ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਾੜੀ ਦੇਸ਼ਾਂ ਵਿਚ ਪੰਜਾਬ ਦੀਆਂ ਔਰਤਾਂ ਦੀ ਹੋ ਰਹੀ ਖ਼ਰੀਦੋ-ਫਰੋਖਤ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਖਾੜੀ ਦੇਸ਼ਾਂ ਵਿੱਚੋਂ ਲਗਪਗ 60 ਔਰਤਾਂ ਨੂੰ ਭਾਰਤ ਵਾਪਸ ਲਿਆ ਚੁੱਕੇ ਹਨ ਜਿਨ੍ਹਾਂ ਨੂੰ ਉਥੇ ਵੇਚਿਆ ਗਿਆ ਸੀ।ਟਰੈਵਲ ਏਜੰਟ ਗ਼ਰੀਬ ਘਰਾਂ ਦੀਆਂ ਔਰਤਾਂ/ਲੜਕੀਆਂ ਨੂੰ ਫਸਾ ਰਹੇ ਹਨ ਜੋ ਬਹੁਤ ਛੋਟੀਆਂ ਹਨ ਅਤੇ ਉਨ੍ਹਾਂ ਨੂੰ ਵਿਜ਼ਟਰ ਵੀਜ਼ੇ ’ਤੇ ਖਾੜੀ ਦੇਸ਼ਾਂ ਵਿਚ ਲਿਜਾ ਕੇ ਵੇਚ ਰਹੇ ਹਨ ਜਿੱਥੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਘਰ ਜਾਂ ਰੈਸਟੋਰੈਂਟ ਵਿਚ ਕੰਮ ਕਰਨ ਦਾ ਝਾਂਸਾ ਦਿੱਤਾ ਜਾਂਦਾ ਹੈ ਅਤੇ 35 ਤੋਂ 40 ਹਜ਼ਾਰ ਤੱਕ ਤਨਖ਼ਾਹ ਦਾ ਭਰੋਸਾ ਦਿੱਤਾ ਜਾਂਦਾ ਹੈ। ਫਿਰ ਉੱਥੇ ਉਨ੍ਹਾਂ ਔਰਤਾਂ ਨੂੰ ਅਰਬੀ ਭਾਸ਼ਾ ਵਿਚ ਲਿਖੇ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਕਿਹਾ ਜਾਂਦਾ ਹੈ ਜਿਸ ਦਾ ਉਹ ਨਾਜਾਇਜ਼ ਫ਼ਾਇਦਾ ਉਠਾ ਰਹੇ ਹਨ। ਇਹ ਟਰੈਵਲ ਏਜੰਟਾਂ ਦਾ ਵੱਡਾ ਸਮੂਹ ਹੈ ਜਿਸ ਦਾ ਨੈੱਟਵਰਕ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਫੈਲਿਆ ਹੋਇਆ ਹੈ।ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਵੀ ਬੇਨਤੀ ਕੀਤੀ ਕਿ ਇਸ ਗੋਰਖਧੰਦੇ ਨਾਲ ਜੁੜੇ ਟਰੈਵਲ ਏਜੰਟ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾਵੇ ਅਤੇ ਦੇਸ਼ ਦੀਆਂ ਔਰਤਾਂ/ਕੁੜੀਆਂ ਨੂੰ ਵਿਦੇਸ਼ਾਂ ਵਿਚ ਵੇਚਣ ਵਾਲਿਆਂ ਨੂੰ ਟਰੈਵਲ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।