ਬੀਬੀਐਨ ਨੈਟਵਰਕ ਪੰਜਾਬ ਪਟਿਆਲਾ ਬਿਊਰੋ,8 ਦਸੰਬਰ
ਏਐੱਸਆਈ ਕਰਤਾਰ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਪੰਜ ਵਜੇ ਦੇ ਲਗਪਗ ਕਿਸਾਨ ਰਾਕੇਸ਼ ਕੁਮਾਰ (55) ਪੁੱਤਰ ਓਮ ਪ੍ਰਕਾਸ਼ ਵਾਸੀ ਗੁੜਾ ਕਲਾਂ ਜੋ ਆਪਣੇ ਟਰੈਕਟਰ ’ਤੇ ਸ਼ੂਗਰ ਮਿੱਲ ਵਿਚ ਗੰਨਾ ਛੱਡ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਜਿਸ ਦੇ ਨਾਲ ਉਸ ਦਾ ਸਾਥੀ ਪ੍ਰਵੀਨ ਸਿੰਘ (50) ਪੁੱਤਰ ਸੋਹਣ ਸਿੰਘ ਵਾਸੀ ਨੱਥੂਵਾਲ ਬੈਠਾ ਸੀ। ਜਿਵੇਂ ਹੀ ਉਹ ਉਕਤ ਸਥਾਨ ’ਤੇ ਪੁੱਜੇ ਤਾਂ ਪਿੱਛਿਓਂ ਆ ਰਹੀ ਇਕ ਟੂਰਿਸਟ ਬੱਸ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਦੇ ਦੋ ਟੁੱਕੜੇ ਹੋ ਕੇ ਸੜਕ ’ਤੇ ਖਿੱਲਰ ਗਏ। ਇਸ ਦੌਰਾਨ ਟਰੈਕਟਰ ਚਾਲਕ ਤੇ ਉਸ ਦੇ ਸਾਥੀ ਦੀ ਮੌਕੇ ’ਤੇ ਹੀ ਮੌਤ ਹੋ ਗਈ।ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਲਾਸ਼ਾਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਦੇ ਮੁਰਦਾਘਰ ’ਚ ਰੱਖਵਾ ਦਿੱਤਾ ਗਿਆ ਹੈ। ਬੱਸ ਡਰਾਈਵਰ ਮੌਕੇ ’ਤੇ ਬੱਸ ਛੱਡ ਕੇ ਭੱਜਣ ਵਿਚ ਸਫਲ ਹੋ ਗਿਆ। ਪੁਲਿਸ ਨੇ ਬੱਸ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।