ਬੀਬੀਐਨ ਨੈਟਵਰਕ ਪੰਜਾਬ ਫ਼ਿਰੋਜ਼ਪੁਰ ਬਿਊਰੋ,12 ਦਸੰਬਰ
ਭ੍ਰਿਸ਼ਟਾਚਾਰ ਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਮਾਮਲੇ 'ਚ ਨਾਮਜ਼ਦ ਫ਼ਿਰੋਜ਼ਪੁਰ ਸਿਟੀ ਦੇ ਡੀਐੱਸਪੀ ਸੁਰਿੰਦਰਪਾਲ ਬਾਂਸਲ ਨੂੰ ਪੁਲਿਸ ਨੇ ਸੋਮਵਾਰ ਨੂੰ ਗਿ੍ਰਫ਼ਤਾਰ ਕਰ ਲਿਆ। ਐੱਸਐੱਸਪੀ ਦੀਪਕ ਹਿਲੌਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਡੀਐੱਸਪੀ ਤੇ ਉਨ੍ਹਾਂ ਦੇ ਏਜੰਟ ਸਾਬਕਾ ਸਰਪੰਚ ਗੁਰਮੇਜ ਸਿੰਘ ’ਤੇ ਕੈਂਟ ਥਾਣੇ ਦੀ ਪੁਲਿਸ ਨੇ 8 ਦਸੰਬਰ ਨੂੰ ਕੇਸ ਦਰਜ ਕਰ ਕੇ ਜਾਂਚ ਵਿਚ ਸ਼ਾਮਲ ਨਾ ਹੋਣ ਦਾ ਨੋਟਿਸ ਜਾਰੀ ਕੀਤਾ ਸੀ। ਇਸ ਦੇ ਬਾਵਜੂਦ ਡੀਐੱਸਪੀ ਪੁਲਿਸ ਜਾਂਚ ਵਿਚ ਸ਼ਾਮਲ ਨਹੀਂ ਹੋਏ ਸਨ। ਉਨ੍ਹਾਂ ਦਾ ਕਾਰਜਭਾਰ ਡੀਐੱਸਪੀ ਡਿਟੈਕਟਿਵ ਬਲਕਾਰ ਸਿੰਘ ਸੌਂਪਿਆ ਗਿਆ ਸੀ। ਸਾਬਕਾ ਸਰਪੰਚ ਗੁਰਮੇਜ ਸਿੰਘ ਨੂੰ ਬਿਨਾਂ ਕਿਸੇ ਪੁਖਤਾ ਸਬੂਤਾਂ ਦੇ ਜਾਂਚ ਤੋਂ ਬਾਹਰ ਕੱਢਣ ਦੇ ਵੀ ਦੋਸ਼ ਹਨ। ਉਥੇ ਕੈਂਟ ਪੁਲਿਸ ਨੇ ਸਿਟੀ ਦੇ ਡੋਲਿਆਂਵਾਲਾ ਮੁਹੱਲਾ ਵਾਸੀ ਟਾਰਜਨ ਸ਼ਰਮਾ ਦੀ ਆਡਿਓ ਕਲਿਪ ਦੇ ਆਧਾਰ ’ਤੇ ਗੁਰਮੇਜ ਸਿੰਘ ਵੱਲੋਂ ਡੀਐੱਸਪੀ ਦੇ ਨਾਂ ’ਤੇ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ। ਗੁਰਮੇਜ ਸਿੰਘ ਨੇ ਆਪਣੇ ਖਾਤੇ ’ਚੋਂ ਡੀਐੱਸਪੀ ਦੇ ਨਾਂ ’ਤੇ ਰਜਿਸਟਰਡ ਨੰਬਰ ’ਤੇ ਯੂਪੀਆਈ ਰਾਹੀਂ ਪੰਜ ਲੱਖ ਰੁਪਏ ਭੇਜੇ ਸਨ। ਡੀਐੱਸਪੀ ਪੁਲਿਸ ਜਾਂਚ ਵਿਚ ਸ਼ਾਮਲ ਹੋਣ ਦੀ ਬਜਾਏ ਸ਼ਹਿਰ ਵਿਚ ਖੁੱਲ੍ਹੇਆਮ ਘੁੰਮ ਰਹੇ ਸਨ। ਪੁਲਿਸ ਨੇ ਉਨ੍ਹਾਂ ’ਤੇ ਕੇਸ ਦਰਜ ਕਰਨ ਤੋਂ ਪਹਿਲਾਂ ਕੋਰਟ ਤੋਂ ਸਰਚ ਵਾਰੰਟ ਲੈ ਕੇ ਉਨ੍ਹਾਂ ਦੇ ਫਿਰੋਜ਼ਪੁਰ ਅਤੇ ਲੁਧਿਆਣਾ ਦੇ ਟਿਕਾਣਿਆਂ ’ਤੇ ਵੀ ਛਾਪੇਮਾਰੀ ਕੀਤੀ ਸੀ। ਛਾਪੇਮਾਰੀ ਦੌਰਾਨ ਪੁਲਿਸ ਨੂੰ ਕੀ ਮਿਲਿਆ ਸੀ, ਇਹ ਹਾਲੇ ਰਹੱਸ ਬਣਿਆ ਹੋਇਆ ਹੈ।