ਸਮਾਜ ਦੇ ਕਰੂਰ ਯਥਾਰਥ ਤੋਂ ਪਰਦਾ ਚੁੱਕਦਾ ਨਾਵਲ
ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 22 ਦਸੰਬਰ
ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਮੈਨੂੰ ਯਾਦਵਿੰਦਰ ਸਿੰਘ ਭੁੱਲਰ ਦਾ ਲਿਖਿਆ ਪਲੇਠਾ ਨਾਵਲ ' ਮਨਹੁ ਕੁਸੁਧਾ ਕਾਲੀਆ' ਪੜ੍ਹਨ ਲਈ ਦਿੱਤਾ ਸੀ।ਅੱਜ ਪੜ੍ਹ ਕੇ ਹਟਿਆ ਹਾਂ।ਮੈਨੂੰ ਇਹ ਜਾਪਿਆ ਹੀ ਨਹੀਂ ਕਿ ਇਹ ਉਸ ਦਾ ਪਹਿਲਾ ਨਾਵਲ ਹੈ।ਨਾਵਲਕਾਰ ਇਕ ਕਥਾਨਕ ਦੇ ਆਲੇ ਦੁਆਲੇ ਉਸਰੇ ਕਥਾ ਬਿਰਤਾਂਤ ਰਾਹੀਂ ਪਹਿਲਾਂ ਹੌਲੀ ਰਫ਼ਤਾਰ ਤੇ ਫੇਰ ਤੇਜ ਰਫ਼ਤਾਰ ਅੱਗੇ ਵਧਦਾ ਹੈ।ਪਾਠਕ ਨੂੰ ਆਪਣੇ ਨਾਲ ਤੋਰਦਾ ਹੈ।ਸਮਾਜ ਦੇ ਜਿਸ ਕਰੂਰ ਯਥਾਰਥ ਨੂੰ ਨਾਵਲਕਾਰ ਚਿੱਤਰਣ ਕਰਦਾ ਹੈ ਇਹ ਵੀ ਬਹੁਤ ਵੱਡੇ ਜਿਗਰੇ ਵਾਲੀ ਗੱਲ ਹੈ।ਇਸ ਵਿਸ਼ੇ ਵਸਤੂ ਦਾ ਨਾਵਲ ਬੂਟਾ ਸਿੰਘ ਚੌਹਾਨ ਨੇ ਗੇਰੂ ਰੰਗੇਪਹਿਲਾਂ ਲੋਕ ਅਰਪਣ ਕੀਤਾ ਹੈ।ਪਰ ਦੋਵਾਂ ਨਾਵਲਾਂ ਦੀ ਕਥਾ ਵਸਤੂ ਤੇ ਕਥਾਨਕ ਵੱਖ-ਵੱਖ ਹੈ।
ਨਾਵਲਕਾਰ ਅੰਧਵਿਸ਼ਵਾਸ, ਪਖੰਡ ਤੇ ਅੰਨੀ ਸ਼ਰਧਾ ਤੋਂ ਸਮਾਜ ਨੂੰ ਚੇਤਨ ਕਰਦਾ ਹੈ।ਉਹ ਇਸ ਵਿਸ਼ੇ ਨੂੰ ਸਾਕਾਰ ਕਰਨ ਲਈ ਫਲੈਸ਼ ਵਿਧੀ ਵਰਤ ਕੇ ਇਕ ਪਰਿਵਾਰ ਦੇ ਕੈੰਸਰ ਪੀੜਤ ਕਿਸ਼ੋਰ ਬਾਲਕ ਮਨਪ੍ਰੀਤ ਦੇ ਪਿਤਾ ਜਰਨੈਲ ਸਿੰਘ ਬੈਂਕ ਮੈਨੇਜਰ ਤੇ ਮਾਂ ਬਲਵੰਤ ਕੌਰ ਦੇ ਪਾਤਰ ਸਿਰਜਦਾ ਹੈ।ਉਨ੍ਹਾਂ ਨਾਲ ਜੁੜੇ ਹੋਰ ਪਾਤਰ ਜਿੰਨ੍ਹਾ ਵਿਚ ਰਾਜ ਸਿੰਘ ਬਹਾਦਰ ਸਿੰਘ, ਮੰਗਾ ਸਿੰਘ, ਜੀ ਐਸ ਤੇ ਨੰਬਰਦਾਰ ਵੀ ਆਪਣੀ ਆਪਣੀ ਭੂਮਿਕਾ ਅਦਾ ਕਰਦੇ ਹਨ। ਡੇਰੇ ਦੇ ਬਾਬਾ ਜੀ ਤੇ ਉਸ ਦੇ ਨਾਲ ਜੁੜੇ ਸੇਵਾਦਾਰਾਂ ਦੇ ਕਿਰਦਾਰਾਂ ਨੂੰ ਬਾਖੂਬੀ ਉਸਾਰਦਾ ਹੈ। ਪੀੜਤ ਪਰਿਵਾਰ ਦੇ ਮੁਖੀ ਜਰਨੈਲ ਸਿੰਘ ਬਾਰੇ ਲੇਖਕ ਪਹਿਲਾਂ ਹੀ ਦੱਸਦਾ ਹੈ ਕਿ ਉਹ ਆਪਣੀ ਬੈਂਕ ਦੀ ਨੌਕਰੀ ਦੇ ਨਾਲ ਚੰਗਾ ਬੁਲਾਰਾ ਤੇ ਮਹਿਫ਼ਿਲਾਂ ਦਾ ਸ਼ਿੰਗਾਰ ਵੀ ਹੈ।ਪਰ ਮੁੰਡੇ ਦੇ ਦਿਮਾਗ ਦੇ ਕੈਂਸਰ ਨੇ ਉਸਦੀ ਹਸਦੀ ਵਸਦੀ ਜ਼ਿੰਦਗੀ ਨੂੰ ਇਕ ਨਵਾਂ ਮੋੜ ਹੀ ਦੇ ਦਿੱਤਾ ।ਨਾਵਲਕਾਰ ਨੇ ਇਸ ਸਮੁੱਚੇ ਬਿਰਤਾਂਤ ਨੂੰ ਬਹੁਤ ਹੀ ਭਾਵੁਕ ਸ਼ੈਲੀ ਨਾਲ ਬਿਆਨ ਕੀਤਾ ਹੈ ।ਪੀ ਜੀ ਆਈ ਹਸਪਤਾਲ ਦੇ ਸਮੁੱਚੇ ਮਹੌਲ ਨੂੰ ਵਾਤਾਵਰਣ ਉਸਾਰੀ ਨਾਲ ਪੇਸ਼ ਕਰਨ ਦਾ ਯਤਨ ਕੀਤਾ ਹੈ।ਪਰ ਕਿਤੇ- ਕਿਤੇ ਵਿਸਥਾਰ ਵਧੇਰੇ ਹੈ ਪਰ ਕੈਂਸਰ ਦੇ ਦੋ ਓਪਰੇਸ਼ਨ ਦਾ ਦੁਖਾਂਤ ਵੀ ਵੱਡਾ ਹੈ। ਜਰਨੈਲ ਸਿੰਘ ਦਾ ਦੋਸਤ ਬਹਾਦਰ ਸਿੰਘ ਉਸਨੂੰ ਟਿੱਬੇ ਵਾਲੇ ਬਾਬਿਆਂ ਨਾਲ ਜੋੜਦਾ ਹੈ ਜੋ ਉਸਦੀ ਆਸਥਾ ਦਾ ਸਬੱਬ ਬਣਦਾ ਦਿਖਾਇਆ ਹੈ।ਜਰਨੈਲ ਸਿੰਘ ਦਾ ਐਨਾ ਵਿਸ਼ਵਾਸ ਬਣਦਾ ਹੈ ਕਿ ਉਹ ਸ਼ਰਾਬ ਛੱਡ ਕੇ ਪਾਠ ਕਰਨ ਵਾਲਾ ਨਿਤਨੇਮੀ ਬਣਦਾ ਹੈ।ਆਪਣੇ ਇਕਲੌਤੇ ਪੁੱਤਰ ਲਈ। ਨਾਵਲ ਦਾ ਸਿਖਰ ਉਦੋਂ ਬਣਦਾ ਹੈ ਜਦੋਂ ਡਾਕਟਰ ਕਹਿੰਦੇ ਹਨ ਕਿ ਮਨਪ੍ਰੀਤ ਨੂੰ ਦਵਾ ਦੀ ਨਹੀਂ ਦੁਆ ਦੀ ਲੋੜ ਹੈ।
ਉਥੋਂ ਹੀ ਨਾਵਲ ਦੀ ਕਥਾ ਵਸਤੂ ਵਿਚ ਅਹਿਮ ਮੋੜ ਆਉਂਦਾ ਹੈ।ਕਿਵੇਂ ਮਨਪ੍ਰੀਤ ਉਰਫ ਭਗਤ ਡੇਰੇ ਰਹਿਣ ਲੱਗਦਾ ਹੈ ਨਾਲ ਹੀ ਉਸ ਦੀ ਭੂਆ ਦਾ ਮੁੰਡਾ ਉਰਫ ਯਾਦ ਵੀ ਡੇਰੇ ਆ ਜਾਂਦਾ ਹੈ।ਯਾਦ ਬਹੁਤ ਹੀ ਕਮਾਲ ਦਾ ਪਾਤਰ ਹੈ ਨਾਵਲਕਾਰ ਨੇ ਉਸ ਰਾਹੀਂ ਹੀ ਡੇਰੇ ਦੇ ਸਮੁੱਚੇ ਭੇਦ ਤੋਂ ਪਰਦਾ ਚੁਕਾਇਆ ਹੈ।ਇਸ ਬਾਰੇ ਬਹੁਤ ਸਾਰਾ ਭੇਦ ਹੈ ਜੋ ਲੇਖਕ ਨੇ ਆਪਣੀ ਨਾਵਲੀ ਜੁਗਤ ਅਤੇ ਸਸਪੈਂਸ ਨੂੰ ਬਰਕਰਾਰ ਰੱਖਿਆ ਹੈ।ਸਿਰਫ ਤਿੰਨ ਘਟਨਾਵਾਂ ਨੂੰ ਹੀ ਮਾਮੇ ਭਾਣਜੇ ਦੇ ਤਿੱਖੇ ਸੰਵਾਦ ਰਾਹੀ ਅਗਰਭੂਮਣ ਕੀਤਾ ਹੈ।ਜਿੰਨਾ ਵਿਚ ਬਾਬਿਆਂ ਦੀ ਆਪਣੇ ਚੇਲਿਆਂ ਨਾਲ ਬਦਫੈਲੀ ਦੀ,ਜੈਲੇ ਰਾਗੀ ਦੀ ਜ਼ਮੀਨ ਹਥਿਆਉਣਾ ਤੇ ਕਤਲ ਕਰਨਾ,ਦਿੱਲੀ ਵਾਲੀ ਬੀਬੀ ਨਾਲ ਸੰਬੰਧ ਆਦਿ। ਨਾਵਲ ਦਾ ਅੰਤ ਬਹੁਤ ਹੀ ਖੂਬਸੂਰਤ ਮੋੜ ਤੇ ਲਿਆ ਕੇ ਕੀਤਾ ਹੈ ਜਿਥੇ ਆਸਥਾ ਟੁੱਟਦੀ ਹੈ ,ਵਿਦਰੋਹ ਜਾਗਦਾ ਹੈ।ਜਰਨੈਲ ਸਿੰਘ ਦੇ ਦੋਸਤ ਵੀ ਦੰਗ ਰਹਿ ਜਾਂਦੇ ਹਨ।ਬਾਬਾ ਵੀ ਸੁੰਨ ਹੋ ਜਾਂਦਾ ਹੈ।
ਕੁੱਲ ਮਿਲਾ ਕੇ ਨਾਵਲ ਬਹੁਤ ਵੱਡੇ ਸੱਚ ਸਾਹਮਣੇ ਲਿਆਉਂਦਾ ਲੋਕਾਈ ਅੱਗੇ ਕਈ ਪ੍ਰਸ਼ਨ ਚਿੰਨ੍ਹ ਉਭਾਰਦਾ ਹੈ।ਇਹ ਨਾਵਲ ਪੜ੍ਹਣਯੋਗ ਹੈ।ਯਾਦਵਿੰਦਰ ਸਿੰਘ ਭੁੱਲਰ ਨੂੰ ਮੁਬਾਰਕਬਾਦ।