ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਲੁਧਿਆਣਾ ਬਿਊਰੋ, 22 ਦਸੰਬਰ
ਪੰਜਾਬੀ ਭਵਨ ਲੁਧਿਆਣਾ ਵਿੱਚ ਪੰਜਾਬੀ ਸਹਿਤ ਅਕਾਦਮੀ ਵੱਲੋਂ ਲੇਖਕ ਯਾਦਵਿੰਦਰ ਸਿੰਘ ਭੁੱਲਰ ਦਾ ਨਾਵਲ "ਮਨਹੁ ਕੁਸੁਧਾ ਕਾਲੀਆ" ਡਾਃ ਸੁਰਜੀਤ ਪਾਤਰ,ਪ੍ਰੋਃ ਗੁਰਭਜਨ ਸਿੰਘ ਗਿੱਲ ਪ੍ਰੋਃ ਰਵਿੰਦਰ ਭੱਠਲ, ਡਾਃ ਗੁਰਇਕਬਾਲ ਸਿੰਘ, ਪੁਨੀਤ ਸਹਿਗਲ,ਬੂਟਾ ਸਿੰਘ ਚੌਹਾਨ, ਡਾਃ ਲਖਵਿੰਦਰ ਜੌਹਲ, ਨਿਰਮਲ ਜੋੜਾ, ਗਾਇਕ ਪਾਲੀ ਦੇਤਵਾਲੀਆ ਤੇ ਸਾਥੀਆਂ ਨੇ ਲੋਕ ਅਰਪਣ ਕੀਤਾ। ਇਸ ਮੌਕੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾਃ ਸੁਰਜੀਤ ਪਾਤਰ ਨੇ ਕਿਹਾ ਮੈਨੂੰ ਦੱਸਿਆ ਗਿਆ ਹੈ ਕਿ ਇਹ ਨਾਵਲ ਕਾਲਪਨਿਕਾ 'ਤੇ ਅਧਾਰਤ ਨਹੀਂ ਹੈ, ਸਗੋਂ ਨਿੱਜੀ ਤਜਰਬਿਆਂ 'ਤੇ ਅਧਾਰਤ ਲਿਖਿਆ ਗਿਆ ਹੈ। ਤਜਰਬੇ ਦੇ ਪੈਰ ਕਾਲਪਨਿਕਾ ਤੋਂ ਪੱਕੇ ਹੁੰਦੇ ਹਨ।ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਬਾਰੇ ਜਾਣਕਾਰੀ ਦੇਂਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਕਿਹਾ ਕਿ ਯਾਦਵਿੰਦਰ ਸਿੰਘ ਭੁੱਲਰ ਨੇ ਆਪਣਾ ਸਾਹਿਤਕ ਸਫ਼ਰ ਕਵਿਤਾ ਤੋਂ ਸ਼ੁਰੂ ਕੀਤਾ। ਬੱਚਿਆਂ ਬਾਰੇ ਵੀ ਉਸਨੇ ਕਾਵਿ ਸੰਗ੍ਰਹਿ ਲਿਖੇ, ਦੋ ਸਫ਼ਰਨਾਮਿਆਂ ਸਣੇ ਇੱਕ ਗੀਤ ਸੰਗ੍ਰਹਿ ਤੇ ਬਰਨਾਲਾ ਜ਼ਿਲ੍ਹੇ ਦੇ ਵੱਖ - ਵੱਖ ਭਾਰਤੀ ਜੰਗਾਂ 'ਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੀਆਂ ਜੀਵਨੀਆਂ ਦੀ ਪੁਸਤਕ ਵੀ ਲਿਖੀ ਹੈ। ਭਾਰਤ ਸਾਹਿਤ ਅਕੈਡਮੀ ਦੇ ਮੈਂਬਰ ਤੇ ਬਹੁ ਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਮਨਹੁ ਕੁਸੁਧਾ ਕਾਲੀਆ ਯਾਦਵਿੰਦਰ ਸਿੰਘ ਭੁੱਲਰ ਦਾ ਪਹਿਲਾ ਨਾਵਲ ਹੈ, ਪਰ ਪਾਠ ਕਰਦਿਆਂ ਅਜਿਹਾ ਲੱਗਦਾ ਨਹੀਂ। ਨਾਵਲ ਦਾ ਵਿਸ਼ਾ ਅਜੋਕੇ ਸਮਾਜ 'ਚ ਧਾਰਮਿਕ ਪਰਪੰਚ ਤੋਂ ਬਚਨ ਲਈ ਪੂਰੀ ਤਰ੍ਹਾਂ ਰਾਹ ਦਸੇਰਾ ਬਣਨ ਵਾਲਾ ਹੈ। ਨਾਵਲ ਦੀ ਪੇਸ਼ਕਾਰੀ ਹਕੀਕਤ ਦੇ ਰੰਗ 'ਚ ਰੰਗੀ ਹੋਈ ਹੈ। ਪਹਿਲੇ ਸਫੇ ਤੋਂ ਅੰਤਲੇ ਸਫੇ ਤੱਕ ਦ੍ਰਿਸ਼ ਕਹਾਣੀ ਦੀਆਂ ਸੰਜੀਵ ਪਰਤਾਂ ਖੋਲ ਕੇ ਰੱਖਦੇ ਹਨ। ਮੈਨੂੰ ਉਮੀਦ ਹੈ ਕਿ ਇਹ ਨਾਵਲ ਸੰਜੀਦਾ ਪਾਠਕਾਂ ਵੱਲੋਂ ਸਤਿਕਾਰਿਆ ਜਾਵੇਗਾ। ਮੈਂ ਇਸ ਪਰਪੱਕ, ਦੋਸ਼ ਮੁਕਤ, ਰੌਚਿਕ ਨਾਵਲ ਨੂੰ ਦਿਲੋਂ ਜੀ ਆਇਆ ਕਹਿੰਦਾ ਹਾਂ। ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਬਾਰੇ ਗੱਲ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਯਾਦਵਿੰਦਰ ਸਿੰਘ ਭੁੱਲਰ ਪਿਛਲੇ 20 ਸਾਲ ਤੋਂ ਸਾਹਿਤ,ਟੀਵੀ ਨਾਟਕ, ਸੰਗੀਤ ਦੀ ਦੁਨੀਆ ਤੇ ਪੱਤਰਕਾਰਤਾ 'ਚ ਸਰਗਰਮ ਹੈ। ਮੈਨੂੰ ਉਮੀਦ ਹੈ ਕਿ ਇਹ ਨਾਵਲ ਪੜ੍ਹਨ ਯੋਗ ਤੇ ਸਾਂਭਣ ਯੋਗ ਹੋਵੇਗਾ। ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕਿਸੇ ਸਮੇਂ ਚ ਕੋਈ ਕੋਈ ਲੇਖਕ ਨਾਵਲ ਲਿਖਣ ਦੀ ਜੁਅਰਤ ਕਰਦਾ ਸੀ । ਅੱਜ ਕੱਲ ਨਵੇਂ ਲੇਖਕ ਵੀ ਨਾਵਲ ਲਿਖ ਰਹੇ ਹਨ । ਯਾਦਵਿੰਦਰ ਭੁੱਲਰ ਨੇ ਇਹ ਨਾਵਲ ਲਿਖ ਕੇ ਨਾਵਲੀ ਪਰੰਪਰਾ ਨੂੰ ਅੱਗੇ ਵਧਾਇਆ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ ਨੇ ਕਿਹਾ ਕਿ ਯਾਦਵਿੰਦਰ ਭੁੱਲਰ ਦਾ ਇਹ ਪਹਿਲਾ ਨਾਵਲ ਹੈ ਜੋ ਡੇਰਾਵਾਦ ਦੇ ਖੋਖਲੇਪਨ ਨੂੰ ਪੇਸ਼ ਕਰਦਾ ਹੈ, ਤੇ ਡੇਰਿਆਂ 'ਚ ਹੁੰਦੀਆਂ ਅਨਿਆਂ ਦੀਆਂ ਘਟਨਾਵਾਂ ਨੂੰ ਵੀ ਮੂਰਤੀਮਾਨ ਕਰਦਾ ਹੈ।
ਪੰਜਾਬ ਖੇਤੀ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾਃ ਨਿਰਮਲ ਸਿੰਘ ਜੌੜਾ ਨੇ ਕਿਹਾ ਕਿ ਲੇਖਕ ਦੇ ਨਾਲ ਨਾਲ ਯਾਦਵਿੰਦਰ ਭੁੱਲਰ ਦੀਆਂ ਸੱਭਿਆਚਾਰਕ ਗਤੀਵਿਧੀਆਂ ਵੀ ਵਾਹ ਕਮਾਲ ਹਨ। ਉਹ ਸੰਗੀਤਕ ਖੇਤਰ ਵਿੱਚ ਵੀ ਨਵੀਆਂ ਪੈੜਾਂ ਪਾਉਣ ਦਾ ਪਾਂਧੀ ਹੈ। ਇਸ ਮੌਕੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਡਿਪਟੀ ਡਾਇਰੈਕਟਰ ਜਨਰਲ ਪੁਨੀਤ ਸਹਿਗਲ,ਆਪਣੀ ਆਵਾਜ਼ ਮੈਗਜ਼ੀਨ ਦੇ ਮੁੱਖ ਸੰਪਾਦਕ ਤੇ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ,ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਪੰਜਾਬੀ ਲੋਕ ਗਾਇਕ ਪਾਲੀ ਦੇਤਵਾਲੀਆ, ਬ੍ਰਿਜ ਭੂਸ਼ਨ ਗੋਇਲ, ਡੇਵਿਡ ਭੁੱਲਰ ਤੇ ਅਮਰਜੀਤ ਸ਼ੇਰਪੁਰੀ ਵੀ ਹਾਜ਼ਰ ਸਨ।