ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਬਿਊਰੋ,25 ਦਸੰਬਰ
ਪੰਜਾਬ ਦੀਆਂ ਸੱਤ ਖੱਬੀਆਂ /ਇਨਕਲਾਬੀ ਪਾਰਟੀਆਂ/ਜਥੇਬੰਦੀਆਂ ਵੱਲੋਂ ਨਵੇਂ ਸਾਲ 2024 ਦੇ ਪਹਿਲੇ ਦਿਨ ਸੂਬੇ ਭਰ ਚ ਫ਼ਲਸਤੀਨੀ ਲੋਕਾਂ ਦੀ ਕੀਤੀ ਜਾ ਰਹੀ ਵਹਿਸ਼ੀ ਕਤਲੋਗ਼ਾਰਤ ਖ਼ਿਲਾਫ਼ ਲੋਕਾਂ ਨੂੰ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਪਿਛਲੇ ਢਾਈ ਮਹੀਨਿਆਂ ਤੋਂ ਫ਼ਲਸਤੀਨ ਨੂੰ ਕਬਰਿਸਤਾਨ 'ਚ ਬਦਲਣ ਲਈ ਵੱਡੇ ਸਾਮਰਾਜੀ ਧੜਵੈਲ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਸੰਗੀਆਂ ਦੀ ਸ਼ਹਿ ਤੇ ਇਜ਼ਰਾਈਲ ਵੱਲੋਂ ਫ਼ਲਸਤੀਨੀ ਲੋਕਾਂ ਨੂੰ ਦੇਸ਼ ਬਦਰ ਕਰਨ ਲਈ ਠੋਸੀ ਇਸ ਨਿਹੱਕੀ ਜੰਗ ਖ਼ਿਲਾਫ਼ ਸੰਸਾਰ, ਭਰ 'ਚ ਰੋਹਲੀ ਆਵਾਜ਼ ਉਠਾਈ ਜਾ ਰਹੀ ਹੈ। 1948 ਤੋਂ ਇੰਗਲੈਂਡ ਅਮਰੀਕਾ ਦੀ ਸ਼ਹਿ ਤੇ ਫ਼ਲਸਤੀਨੀ ਲੋਕਾਂ ਦੀਆਂ ਜ਼ਮੀਨਾਂ, ਕਾਰੋਬਾਰਾਂ ਤੇ ਕਬਜ਼ਾ ਕਰਕੇ ਜਿਉਨਵਾਦੀਆਂ ਨੇ ਮੱਧਪੂਰਬ ਦੇ ਇਸ ਛੋਟੇ ਜਿਹੇ ਦੇਸ਼ ਨੂੰ ਖੁੱਲੀ ਜੇਲ੍ਹ 'ਚ ਬਦਲ ਕੇ ਫ਼ਲਸਤੀਨੀਆਂ ਨੂੰ ਪਲ-ਪਲ ਮਰਨ ਲਈ ਮਜ਼ਬੂਰ ਕੀਤਾ ਹੋਇਆ ਹੈ। ਇਸ ਸਬੰਧੀ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੀ ਪੀ ਆਈ ਦੇ ਜਨਰਲ ਸਕੱਤਰ ਬੰਤ ਬਰਾੜ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਜਾਮਾਰਾਏ,ਸੀ ਪੀ ਆਈ ਮ ਲ ਨਿਊ ਡੈਮੋਕ੍ਰੇਸੀ ਦੇ ਆਗੂ ਕਾਮਰੇਡ ਅਜਮੇਰ ਸਿੰਘ, ਸੀ ਪੀ ਆਈ ਮਲ ਲਿਬਰੇਸ਼ਨ ਦੇ ਸਕੱਤਰ ਗੁਰਮੀਤ ਸਿੰਘ ਬਖਤਪੁਰ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਮੁਕਤੀ ਸੰਗਰਾਮ ਮਜਦੂਰ ਮੰਚ ਦੇ ਆਗੂ ਲਖਵਿੰਦਰ, ਐਮ ਸੀ ਪੀ ਆਈ ਯੂ ਦੇ ਸਕੱਤਰ ਕਿਰਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਫ਼ਲਸਤੀਨ ਦੇ ਗਾਜਾ 'ਚ ਪਝੰਤਰ ਪ੍ਰਤੀਸ਼ਤ ਲੋਕਾਂ ਦੀ ਤਬਾਹੀ, ਘਰਾਂ ਦੀ ਬਰਬਾਦੀ, ਰਾਸ਼ਨ ਦੀ ਭਾਰੀ ਕਿੱਲਤ, ਇਲਾਜ਼ ਪੱਖੋਂ ਮਰ ਤੇ ਸਹਿਕ ਰਹੇ ਲੋਕ, ਵੀਹ ਹਜ਼ਾਰ ਤੋਂ ਉੱਪਰ ਲੋਕਾਂ ਸਮੇਤ ਅੱਠ ਹਜ਼ਾਰ ਮਾਸੂਮਾਂ ਦਾ ਕਤਲ ਸੰਸਾਰ ਦਾ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਦਿਲਕੰਬਾਊ ਦੁਖਾਂਤ ਹੈ। ਸੋਸ਼ਲ ਮੀਡੀਆ ਤੇ ਮਲਬੇ ਦੇ ਢੇਰਾਂ ਚੋਂ ਕੱਢੇ ਜਾ ਰਹੇ ਰੋਂਦੇ ਵਿਲਕਦੇ ਬੱਚਿਆਂ ਦੀਆਂ ਲਾਸ਼ਾਂ ਤੇ ਚੀਕਾਂ,ਵਗਦੇ ਲਹੂ ਦੀਆਂ ਧਰਾਲਾਂ ਦੀਆਂ ਤਸਵੀਰਾਂ ਹਰ ਜ਼ਮੀਰ ਪਸੰਦ ਦਾ ਦਿਲ ਵਲੂੰਧਰਨ ਲਈ ਕਾਫ਼ੀ ਹਨ। ਉਨਾਂ ਕਿਹਾ ਕਿ ਖੁੱਲ੍ਹੀ ਜੇਲ੍ਹ 'ਚ ਪਲ-ਪਲ ਸਹਿਕ ਰਹੇ ਫ਼ਲਸਤੀਨੀ ਲੋਕਾਂ ਤੇ ਠੋਸੀ ਨਿਹੱਕੀ ਜ਼ੰਗ ਤੁਰੰਤ ਬੰਦ ਕੀਤੀ ਜਾਵੇ। ਯੂ ਐਨ ਓ ਅਤੇ ਸੰਸਾਰ ਭਰ ਦੇ ਜਬਰਦਸਤ ਵਿਰੋਧ ਨੂੰ ਪੈਰਾਂ ਹੇਠ ਰੋਲ ਰਹੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈੰਜਾਮਨ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆ ਜਾਵੇ। ਉਨ੍ਹਾਂ ਸਮੂਹ ਲੋਕਾਂ ਨੂੰ ਇਜ਼ਰਾਈਲੀ ਵਸਤਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਸਮੂਹ ਆਗੂਆਂ ਨੇ ਮੋਦੀ ਦੀ ਫਾਸ਼ੀ ਹਕੂਮਤ ਵਲੋਂ ਅਮਰੀਕਾ ਨਾਲ ਇਲਹਾਕ ਦੇ ਚਲਦਿਆਂ ਇਜ਼ਰਾਈਲ ਦੇ ਹੱਕ 'ਚ ਖੜਨ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਉਨਾਂ ਸੰਸਾਰ ਭਰ ਦੇ ਇਨਸਾਫ਼ਪਸੰਦ ਲੋਕਾਂ ਨੂੰ ਜੰਗ ਬੰਦੀ ਦੀ ਮੰਗ ਅਤੇ ਫ਼ਲਸਤੀਨੀ ਲੋਕਾਂ ਦਾ ਦੇ ਹੱਕ 'ਚ ਆਵਾਜ਼ ਹੋਰ ਤੇਜ਼ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ। ਇਜ਼ਰਾਈਲ ਦੇ ਵਿਰੋਧ ਦੀ ਹਰ ਆਵਾਜ਼ ਨੂੰ ਕੁਚਲਣ ਲਈ ਪਰਚੇ ਦਰਜ਼ ਕਰਨ, ਸੋਸ਼ਲ ਮੀਡੀਆ ਤੋਂ ਹਟਾਉਣ ਦੀ ਵੀ ਇਨਾਂ ਆਗੂਆਂ ਨੇ ਨਿੰਦਾ ਕੀਤੀ ਹੈ। ਆਗੂਆਂ ਕਿਹਾ ਕਿ ਸਬੰਧਤ ਧਿਰਾਂ 25 ਦਿਸੰਬਰ ਨੂੰ ਸਾਰੇ ਜ਼ਿਲ੍ਹਿਆਂ 'ਚ ਮੀਟਿੰਗਾਂ ਕਰਕੇ ਜ਼ਿਲ੍ਹਾ ਅਤੇ ਤਹਿਸੀਲ ਪੱਧਰਾਂ ਤੇ ਇਹ ਰੋਸ ਮਾਰਚ ਵਿਉਂਤ ਕੇ ਤਿਆਰੀ ਕਰਨਗੀਆਂ। ਉਨਾਂ ਸਭਨਾਂ ਜਮਹੂਰੀ ਇਨਸਾਫ਼ ਪਸੰਦ ਸ਼ਕਤੀਆਂ/ਜਥੇਬੰਦੀਆਂ ਨੂੰ ਇਨਾਂ ਵਿਰੋਧ ਪ੍ਰਦਰਸ਼ਨਾਂ ਦਾ ਹਿੱਸਾ ਬਨਣ ਦੀ ਜ਼ੋਰਦਾਰ ਅਪੀਲ ਕੀਤੀ ਹੈ।