ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 31 ਦਸੰਬਰ
ਇਨ੍ਹਾਂ ਦਿਨਾਂ ਵਿੱਚ ਮੈਂ ਪੰਜਾਬ ਦੇ ਲੋਕਾਂ ਦੀ ਧਾਰਮਿਕ ਆਸਥਾ ਨੂੰ ਕੈਸ਼ ਕਰਾਉਣ ਵਾਲੇ ਡੇਰਿਆਂ ਨਾਲ ਸਬੰਧਤ ਦੋ ਨਾਵਲ ਪੜ੍ਹੇ ਹਨ ਤੇ ਇਹ ਦੋਵੇਂ ਨਾਵਲ ਬਰਨਾਲਾ ਖੇਤਰ ਦੇ ਨਾਵਲਕਾਰਾਂ ਵੱਲੋਂ ਲਿਖੇ ਗਏ ਹਨ। ‘ਗੇਰੂ ਰੰਗੇ’ ਨਾਵਲ ਦਾ ਨਾਵਲਕਾਰ ਬੂਟਾ ਸਿੰਘ ਚੌਹਾਨ ਸਾਡਾ ਪ੍ਰੋਢ ਗ਼ਜ਼ਲਗੋ ਤੇ ਨਾਵਲਕਾਰ ਹੈ, ਇਸ ਲਈ ਉਸਦਾ ਨਾਵਲ ਮਾਲਵਾ ਖੇਤਰ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਸਥਾਪਿਤ ਵੱਖ ਵੱਖ ਸੰਪਰਦਾਵਾਂ ਦੇ ਡੇਰਿਆਂ ਵੱਲੋਂ ਉੱਥੋਂ ਦੀ ਸਮਾਜਿਕ, ਸੱਭਿਆਚਾਰਕ , ਆਰਥਿਕ ਤੇ ਰਾਜਨੀਤਕ ਵਿਵਸਥਾ ‘ਤੇ ਪਾਏ ਜਾਣ ਵਾਲੇ ਪ੍ਰਭਾਵ ਨੂੰ ਵਿਸ਼ੇਸ਼ ਤੌਰ ‘ਤੇ ਆਪਣੇ ਵਿਸ਼ਲੇਸ਼ਣੀ ਬੋਧ ਦਾ ਹਿੱਸਾ ਬਣਾਉਣ ਵਿਚ ਸਫਲ ਰਿਹਾ ਹੈ । ਮੇਰੀ ਨਜ਼ਰ ਵਿਚ ਨੌਜਵਾਨ ਨਾਵਲਕਾਰ ਯਾਦਵਿੰਦਰ ਭੁੱਲਰ ਦਾ ਪਲੇਠਾ ਨਾਵਲ ‘ਮਨਹੁ ਕੁਸੁਧਾ ਕਾਲੀਆ’ ਵੀ ਮਨ ਦੇ ਕਾਲੇ ਤੇ ਬਾਹਰੀ ਭੇਖ ਵਜੋਂ ਚਿੱਟੇ ਸਾਧਾਂ, ਸੰਤਾਂ ਤੇ ਡੇਰੇਦਾਰਾਂ ਦੀ ਅਸਲੀਅਤ ਪੇਸ਼ ਕਰਨ ਦੇ ਮਾਮਲੇ ਵਿੱਚ ਸਫਲ ਨਾਵਲ ਹੀ ਸਿੱਧ ਹੋਇਆ ਹੈ। ਨਾਵਲ ਆਪਣੇ ਇਸ ਉਦੇਸ਼ਾਤਮਕ ਨਜ਼ਰੀਏ ਨੂੰ ਉਚੇਚੇ ਤੌਰ ਤੇ ਉਭਾਰਦਾ ਹੈ ਕਿ ਪੰਜਾਬ ਦੇ ਵੱਡੀ ਜ਼ਮੀਨ ਜਾਇਦਾਦ ਵਾਲੇ ਡੇਰਿਆਂ ਦੇ ਬਾਬੇ ਜਾਂ ਸੰਤ- ਮਹੰਤ ਕਿਵੇਂ ਲੋਕਾਂ ਨੂੰ ਧਰਮ ਦੇ ਨਾਂ ‘ਤੇ ਭਾਵੁਕ ਤੌਰ ‘ਤੇ ਬਲੈਕਮੇਲ ਕਰਦੇ ਹਨ ਤੇ ਕਿਹੋ ਜਿਹੇ ਪ੍ਰਪੰਚ ਰਚ ਕੇ ਉਨ੍ਹਾਂ ਨੂੰ ਆਪਣੇ ਭਰਮ ਜਾਲ ਵਿੱਚੋਂ ਨਿਕਲਣ ਨਹੀਂ ਦਿੰਦੇ। ਨਾਵਲ ਵਿੱਚਲਾ ਉੱਚੇ ਟਿੱਬੇ ਵਾਲੇ ਸੰਤਾਂ ਦਾ ਡੇਰਾ ਆਪਣੇ ਸ਼ਰਧਾਲੂਆਂ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹੀ ਰੱਖਣ ਅਤੇ ਆਪਣੀ ਮਾਰਕੀਟਿੰਗ ਕਰਨ ਦੇ ਮਾਮਲੇ ਵਿਚ ਏਨਾ ਨਿਪੁੰਨ ਹੈ ਕਿ ਜਰਨੈਲ ਸਿੰਘ ਵਰਗੇ ਪੜ੍ਹੇ ਲਿਖੇ ਤੇ ਬੈਂਕਾਂ ਵਿੱਚ ਮੈਨੇਜਰ ਲੱਗੇ ਲੋਕ ਵੀ ਉਸਦੀਆਂ ਚਾਲਾਂ ਵਿੱਚ ਫਸ ਕੇ ਉਸਦੇ ਅੰਨ੍ਹੇ ਸ਼ਰਧਾਲੂ ਬਣ ਜਾਂਦੇ ਹਨ। ਘਰਾਂ ਵਿਚ ਆਈਆਂ ਬਿਮਾਰੀਆਂ ਜਾਂ ਹੋਰ ਮੁਸੀਬਤਾਂ ਤੋਂ ਘਬਰਾਏ ਲੋਕ ਜਦੋਂ ਇਸ ਡੇਰੇ ਦੀ ਸ਼ਰਨ ਵਿਚ ਆਉਂਦੇ ਹਨ ਤਾਂ ਉਹ ਡੇਰੇ ਦੇ ਬਾਹਰੀ ਜਲੌਅ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ। ਸੰਤ ਬਾਬੇ ਦੇ ਨਾਂ ‘ਤੇ ਜੋੜੀਆਂ ਗਈਆਂ ਕਰਾਮਾਤੀ ਕਹਾਣੀਆਂ ਅਸਥਿਰ ਮਾਨਸਿਕਤਾ ਵਾਲੇ ਲੋਕਾਂ ਨੂੰ ਡੇਰੇ ਦੇ ਪੱਕੇ ਸ਼ਰਧਾਲੂ ਬਣਾਉਣ ਵਿਚ ਵਿਸ਼ੇਸ਼ ਤੌਰ ਤੇ ਸਹਾਈ ਸਿੱਧ ਹੁੰਦੀਆਂ ਹਨ। ਸਾਬਕਾ ਵੈਲੀ ਜਗਤਾਰ ਸਿੰਘ ਇਹਨਾਂ ਕਰਾਮਾਤੀ ਕਹਾਣੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਇਸ ਡੇਰੇ ਦਾ ਸ਼ਰਧਾਲੂ ਬਣਦਾ ਹੈ ਤੇ ਫਿਰ ਆਪਣੇ ਸਾਲੇ ਜਰਨੈਲ ਸਿੰਘ ਨੂੰ ਵੀ ਸੰਤ ਦੇ ਲੜ ਲੱਗਣ ਲਈ ਪ੍ਰੇਰ ਲੈਂਦਾ ਹੈ। ਜਰਨੈਲ ਸਿੰਘ ਦੇ ਉੱਚੇ ਸਮਾਜਿਕ ਰੁਤਬੇ ਤੋਂ ਜਾਣੂ ਡੇਰੇ ਦਾ ਸੰਤ ਉਸ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਵਿਸ਼ੇਸ਼ ਤਰ੍ਹਾਂ ਦੀ ਵਿਉਂਤਬੰਦੀ ਕਰਦਾ ਹੈ ਤਾਂ ਉਹ ਅਚੇਤ ਰੂਪ ਹੀ ਉਸਦੀ ਚਾਲ ਦਾ ਸ਼ਿਕਾਰ ਬਣ ਜਾਂਦਾ ਹੈ । ਕੈਂਸਰ ਦੀ ਬਿਮਾਰੀ ਤੋਂ ਪੀੜਤ ਆਪਣੇ ਪੁੱਤਰ ਦੇ ਸੰਤ ਦੀ ਦੁਆ ਨਾਲ ਠੀਕ ਹੋਣ ਦਾ ਵਿਸ਼ਵਾਸ ਉਸਨੂੰ ਡੇਰੇ ਦੇ ਹੋਰ ਵੀ ਨੇੜੇ ਕਰ ਦਿੰਦਾ ਹੈ । ਸੰਤ ਪ੍ਰਤੀ ਅੰਨ੍ਹੀ ਸ਼ਰਧਾ ਭਾਵਨਾ ਵਿੱਚ ਡੁੱਬ ਕੇ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਡੇਰਾ ਕਿਵੇਂ ਉਸਦੀ ਸਮਾਜਿਕ ਸ਼ੋਹਰਤ ਨੂੰ ਆਪਣੀ ਮਾਰਕੀਟਿੰਗ ਦੇ ਸੰਦ ਵਜੋਂ ਵਰਤ ਰਿਹਾ ਹੈ । ਸਟੇਜ ਦਾ ਚੰਗਾ ਬੁਲਾਰਾ ਹੋਣ ਸਬੰਧੀ ਆਪਣੀ ਯੋਗਤਾ ਦੀ ਵਰਤੋਂ ਡੇਰੇ ਦੇ ਪ੍ਰਚਾਰ ਤੇ ਪਸਾਰ ਲਈ ਕਰਦਿਆਂ ਉਹ ਆਪਣੀ ਪੁੱਤਰ ਦੀ ਬਿਮਾਰੀ ਵਿੱਚ ਮੋੜਾ ਪੈਣ ਦੀ ਗੱਲ ਨੂੰ ਸੰਤਾਂ ਦੀ ਕਰਾਮਾਤ ਵਜੋਂ ਪ੍ਰਚਾਰਣ ਵਿਚ ਕੋਈ ਕਸਰ ਬਾਕੀ ਨਹੀਂ ਰੱਖਦਾ। ਚਾਹੇ ਉਸਦੇ ਪੁੱਤਰ ਦੀ ਬਿਮਾਰੀ ਵਿਚ ਮੋੜਾ ਪੀ. ਜੀ. ਆਈ ਚੰਡੀਗੜ੍ਹ ਦੇ ਮਾਹਰ ਡਾਕਟਰਾਂ ਦੇ ਇਲਾਜ਼ ਕਾਰਨ ਹੀ ਪੈਂਦਾ ਹੈ ਪਰ ਉਸਦੇ ਮਨ ਵਿਚ ਇਹ ਗੱਲ ਚੰਗੀ ਤਰ੍ਹਾਂ ਬਿੱਠਾ ਦਿੱਤੀ ਜਾਂਦੀ ਹੈ ਕਿ ਸੰਤ ਰੱਬ ਦਾ ਹੀ ਰੂਪ ਹਨ ਤੇ ਉਸਦੇ ਪੁੱਤਰ ਦੇ ਦਿਮਾਗੀ ਕੈਂਸਰ ਦਾ ਅਪਰੇਸ਼ਨ ਸੰਤਾ ਦੀ ਕ੍ਰਿਪਾ ਦ੍ਰਿਸ਼ਟੀ ਕਾਰਨ ਨਾਲ ਹੀ ਸਫ਼ਲ ਹੋਇਆ ਹੈ। ਜਦੋਂ ਸੰਤ ਵੱਲੋਂ ਉਨ੍ਹਾਂ ਦੇ ਬਿਮਾਰ ਪੁੱਤਰ ਨੂੰ ਪੱਕੇ ਤੌਰ ‘ਤੇ ਡੇਰੇ ਚੜ੍ਹਾਉਣ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸਦੀ ਪਤਨੀ ਇਸ ਸਾਜ਼ਿਸੀ ਮੰਗ ਦਾ ਵਿਰੋਧ ਵੀ ਕਰਦੀ ਹੈ ਪਰ ਉਨ੍ਹਾਂ ਦੇ ਘਰ ਇਕ ਹੋਰ ਪੁੱਤਰ ਦਾ ਜਨਮ ਹੋਣ ‘ਤੇ ਦੋਵੇਂ ਪਤੀ ਪਤਨੀ ਸੰਤਾਂ ਦੀ ਮੰਗ ਸਵੀਕਾਰ ਲੈਣ ਵਿੱਚ ਹੀ ਆਪਣੇ ਪਰਿਵਾਰ ਦੀ ਭਲਾਈ ਸਮਝਦੇ ਹਨ। ਡੇਰੇ ਵਿਚ ਪੱਕੇ ਤੌਰ ‘ਤੇ ਪਹੁੰਚਿਆ ਉਸਦਾ ਬਿਮਾਰ ਪੁੱਤਰ ਮਨਪ੍ਰੀਤ ਇੱਥੇ ਹੁੰਦੇ ਕਈ ਤਰ੍ਹਾਂ ਦੇ ਕੁਕਰਮਾਂ ਨੂੰ ਵੇਖਦਾ ਜ਼ਾਰੂਰ ਹੈ ਪਰ ਆਪਣੀ ਬਿਮਾਰੀ ਤੇ ਸਾਧੂ ਸੁਭਾਅ ਕਾਰਨ ਆਪਣੇ ਜਿਉਂਦੇ ਜੀਅ ਆਪਣੇ ਮਾਪਿਆਂ ਕੋਲ ਇਸ ਗੱਲ ਦੀ ਭਾਫ ਬਾਹਰ ਨਹੀਂ ਕੱਢਦਾ । ਇਸ ਤਰ੍ਹਾਂ ਲੰਬਾ ਸਮਾਂ ਡੇਰੇ ਦੇ ਪ੍ਰਚਾਰਕ ਵਜੋ ਕੰਮ ਕਰਨ ਤੋਂ ਬਾਅਦ ਵੀ ਜਰਨੈਲ ਸਿੰਘ ਦੀਆਂ ਅੱਖਾਂ ‘ਤੇ ਬੰਨ੍ਹੀ ਸ਼ਰਧਾ ਦੀ ਪੱਟੀ ਨਹੀਂ ਖੁਲ੍ਹਦੀ। ਨਾਵਲ ਦੀ ਕਹਾਣੀ ਵਿਚ ਫੈਸਲਾਂਕੁੰਨ ਮੋੜ ਉਸ ਵੇਲੇ ਆਉਂਦਾ ਹੈ ਜਦੋਂ ਡੇਰੇ ਦਾ ਸੰਤ ਜਰਨੈਲ ਸਿੰਘ ਦੇ ਲੈਰੀ ਉਮਰ ਦੇ ਭਾਣਜੇ ਯਾਦ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਡੇਰੇ ਦੇ ਐਸ਼ਪ੍ਰਸਤ ਜੀਵਨ ਦਾ ਚੋਗਾ ਪਾਉਂਦਾ ਹੈ । ਸੰਤ ਦਾ ਗੜਵਈ ਬਣ ਕੇ ਲੋਕਾਂ ਵੱਲੋਂ ਮਿਲ ਸਕਦੇ ਮਾਣ ਸਨਮਾਨ ਹਾਸਿਲ ਕਰਨ ਸਬੰਧੀ ਉਸ ਅੰਦਰ ਪੈਦਾ ਹੋਈ ਇੱਛਾ ਆਖਿਰ ਉਸਦੇ ਡੇਰੇ ਵਿਚ ਰਹਿਣ ਦੀ ਜ਼ਿੱਦ ਵਿਚ ਬਦਲ ਜਾਂਦੀ ਹੈ। ਦੂਜੇ ਪਾਸੇ ਉਸਦੀਆਂ ਭਰਜਾਈਆਂ ਤੇ ਭਰਾ ਵੀ ਦਿਲੋ ਚਾਹੁੰਦੇ ਹਨ ਕਿ ਉਹ ਪੱਕੇ ਤੌਰ ‘ਤੇ ਡੇਰੇ ਵਿੱਚ ਰਹਿਣ ਲੱਗ ਪਵੇ ਤਾਂ ਕਿ ਉਹ ਉਸਦੇ ਹਿੱਸੇ ਦੀ ਜ਼ਮੀਨ ਵੀ ਆਪਸ ਵਿਚ ਵੰਡ ਸਕਣ । ਭਾਵੇਂ ਡੇਰੇ ਵਿਚ ਪਹਿਲਾਂ ਤੋਂ ਰਹਿ ਰਿਹਾ ਉਸਦੇ ਮਾਮੇ ਦਾ ਪੁੱਤ ਮਨਪ੍ਰੀਤ ਉਰਫ ਭਗਤ ਉਸਨੂੰ ਇਸ਼ਾਰਿਆਂ ਰਾਹੀਂ ਡੇਰੇ ਦੇ ਲੁੱਕਵੇਂ ਸੱਚ ਬਾਰੇ ਕੁਝ ਜਾਣਕਾਰੀ ਦਿੰਦਾ ਹੈ ਪਰ ਸੰਤ ਦੀ ਵਿਦੇਸ਼ੀ ਗੱਡੀ ਵਿੱਚ ਝੂਟੇ ਲੈਣ ਦਾ ਲਾਲਚ ਉਸ ਨੂੰ ਅਜਿਹੀਆਂ ਗਲਾਂ ਵੱਲ ਧਿਆਨ ਹੀ ਨਹੀਂ ਦੇਣ ਦਿੰਦਾ । ਆਪਣੀ ਤੇਜ ਤਰਾਰੀ ਨਾਲ ਉਹ ਸੰਤ ਦੀ ਨਜ਼ਰੀ ਚ੍ਹੜ ਕੇ ਉਸਦਾ ਗੜਵਈ ਬਣ ਜਾਂਦਾ ਹੈ ਤਾਂ ਛੇਤੀ ਹੀ ਡੇਰੇ ਵਿਚ ਹੁੰਦੀਆਂ ਅਮਾਨਵੀ ਗਤੀਵਿਧੀਆਂ ਵੀ ਉਸਦੀ ਨਜ਼ਰੀ ਚੜ੍ਹਣ ਲੱਗ ਪੈਂਦੀਆਂ ਹਨ ਤੇ ਇਸ ਤਰ੍ਹਾਂ ਹੌਲੀ ਹੌਲੀ ਸੰਤਾ ਪ੍ਰਤੀ ਉਸਦੀ ਸ਼ਰਧਾ ਦੀ ਭਾਵਨਾ ਨਫਰਤ ਦੀ ਭਾਵਨਾ ਵਿਚ ਬਦਲਣ ਲੱਗ ਪੈਂਦੀ ਹੈ। ਮੋਹ ਭੰਗਤਾ ਦੀ ਸਥਿਤੀ ਵਿਚ ਉਹ ਡੇਰੇ ਵੱਲੋਂ ਦਿੱਤਾ ਚੋਲਾ ਕਿੱਲੀ ‘ਤੇ ਟੰਗ ਕੇ ਉੱਥੋ ਭੱਜ ਆਉਂਦਾ ਹੈ। ਭਾਵੇਂ ਉਹ ਡੇਰੇ ਵਿਚ ਹੁੰਦੇ ਔਰਤਾਂ ਤੇ ਛੋਟੇ ਬੱਚਿਆਂ ਨਾਲ ਜਿਨਸੀ ਸ਼ੋਸ਼ਨ ਦੀਆਂ ਅਨੈਤਿਕ ਕਾਰਵਾਈਆਂ ਨੂੰ ਸੰਤ ਦੇ ਗੁੰਡਿਆਂ ਦੇ ਡਰ ਕਾਰਨ ਜਨਤਕ ਨਹੀਂ ਕਰਦਾ ਪਰ ਆਪਣੇ ਮਾਮੇ ਨੂੰ ਇਹ ਸਭ ਕੁਝ ਦੱਸ ਕੇ ਉਸਦੀਆਂ ਅੱਖਾਂ ‘ਤੇ ਬੰਨ੍ਹੀ ਪੱਟੀ ਨੂੰ ਜ਼ਾਰੂਰ ਖੋਲ੍ਹ ਦਿੰਦਾ ਹੈ। ਇਸ ਤਰ੍ਹਾਂ ਨਾਵਲ ਦਾ ਅੰਤ ਸੰਤਾਂ ਪ੍ਰਤੀ ਅੰਨੀ ਸ਼ਰਧਾ ਰੱਖਣ ਵਾਲੇ ਜਰਨੈਲ ਸਿੰਘ ਦੇ ਮੂੰਹੋ ਨਿਕਲਣ ਵਾਲੇ ਇਨ੍ਹਾਂ ਸ਼ਰਧਾ ਮੁਕਤ ਬੋਲਾਂ ਨਾਲ ਹੁੰਦਾ ਹੈ, “ਅਸੀਂ ਤਾਂ ਹੁਣ ਡੇਰੇ ਕੀ ਆਉਣਾ, ਸਾਡਾ ਔੜਮਾਂ ਕੌੜਮਾਂ ਵੀ ਕਦੇ ਤੇਰੇ ਵਰਗੇ ਪਾਖੰਡੀ ਲਾਲਚੀ ਤੇ ਬੇਈਮਾਨ ਸਾਧ ਦੇ ਡੇਰੇ ਪੈਰ ਨਹੀਂ ਪਾਉਗਾ।” ਜਰਨੈਲ ਸਿੰਘ ਇਕ ਪਾਸੇ ਆਖੌਤੀ ਸੰਤ ਬਾਰੇ ਨੰਗਾ ਸੱਚ ਉਸਦੇ ਮੂੰਹ ‘ਤੇ ਬੋਲਣ ਦੀ ਹਿੰਮਤ ਵਿਖਾਉਂਦਾ ਹੈ ਤਾਂ ਦੂਜੇ ਪਾਸੇ ਉਹ ਉਸੇ ਸੰਤ ਨਾਲ ਆਪਣੇ ਭਾਣਜੇ ਨੂੰ ਕੋਈ ਨੁਕਸਾਨ ਨਾ ਪਹੁੰਚਾਏ ਜਾਣ ਦੀ ਸ਼ਰਤ ‘ਤੇ ਮੀਡੀਆ ਜਾਂ ਤਰਕਸ਼ੀਲਾ ਕੋਲ ਨਾ ਜਾਣ ਦਾ ਸਮਝੌਤਾ ਵੀ ਕਰਦਾ ਹੈ। ਇਹ ਗੱਲ ਠੀਕ ਹੈ ਕਿ ਇਕ ਵਿਅਕਤੀ ਵਜੋਂ ਜਰਨੈਲ ਸਿੰਘ ਦੇ ਨਿੱਜੀ ਹਿੱਤ ਉਸਨੂੰ ਅਜਿਹੇ ਆਪਾ ਬਚਾਊ ਸਮਝੌਤੇ ਕਰਨ ਲਈ ਪ੍ਰੇਰ ਸਕਦੇ ਹਨ, ਪਰ ਸਮੁੱਚੀ ਲੋਕਤਾ ਦੇ ਹਿੱਤ ਉਸ ਤੋਂ ਇਸ ਗੱਲ ਦੀ ਵੀ ਮੰਗ ਕਰਦੇ ਹਨ ਕਿ ਉਹ ਜ਼ੋਖਮ ਉੱਠਾ ਕੇ ਵੀ ਡੇਰੇ ਦੇ ਸੱਚ ਨੂੰ ਨੰਗਾ ਕਰਨ ਸਬੰਧੀ ਆਪਣੇ ਫਰਜ਼ ਨੂੰ ਨਿਭਾਵੇ । ਉਸ ਵੱਲੋਂ ਅਜਿਹਾ ਨਾ ਕੀਤੇ ਜਾਣ ‘ਤੇ ਉਸਦੀ ਦੁਬਿਧਾ ਗ੍ਰਸਤ ਮਾਨਸਿਕਤਾ ਬਾਰੇ ਕਿਤੂੰ ਪ੍ਰਤੂੰ ਕਰਨ ਦਾ ਹੱਕ ਪਾਠਕਾਂ ਲਈ ਰਾਖਵਾਂ ਹੋ ਜਾਂਦਾ ਹੈ । ਕੁਲ ਮਿਲਾ ਕਿ ਇਹ ਨਾਵਲ ਪੰਜਾਬ ਦੇ ਲੋਕਾਂ ਦੀ ਰਵਾਇਤੀ ਗੈਰਤ ਨੂੰ ਨੁਕਸਾਨ ਪਹੁੰਚਾ ਰਹੇ ਡੇਰਾਵਾਦ ਖਿਲਾਫ ਚਿੰਤਨ ਤੇ ਚੇਤਨਾ ਪੈਦਾ ਕਰਨ ਦੇ ਦ੍ਰਿਸ਼ਟੀਕੋਨ ਤੋਂ ਬਹੁਤ ਮੁੱਲਵਾਨ ਰਚਨਾ ਹੈ। ਇਸ ਨਾਵਲ ਵਿਚਲਾ ਕਹਾਣੀ ਰਸ ਇਸਦੇ ਪਾਠ ਦੀ ਦਿਲਚਸਪੀ ਨੂੰ ਲਗਾਤਾਰ ਬਣਾਈ ਰੱਖਦਾ ਹੈ। ਨਾਵਲਕਾਰ ਡੇਰਿਆਂ ਵਿੱਚ ਹੁੰਦੀਆਂ ਜ਼ਾਹਰਾ ਤੇ ਲੁੱਕਵੀਆਂ ਸਰਗਰਮੀਆਂ ਦਾ ਦ੍ਰਿਸ਼ ਚਿਤਰਣ ਇਸ ਤਰ੍ਹਾਂ ਦੀ ਸਜੀਵਤਾ ਨਾਲ ਕਰਦਾ ਹੈ ਜਿਵੇਂ ਉਹ ਕੁਝ ਸਮੇਂ ਲਈ ਆਪ ਵੀ ਕਿਸੇ ਡੇਰੇ ਦਾ ਹਿੱਸਾ ਰਿਹਾ ਹੋਵੇ । ਅਸੀਂ ਯਾਦਵਿੰਦਰ ਭੁੱਲਰ ਨੂੰ ਇਕ ਸੁਲਝੇ ਹੋਏ ਵਾਰਤਕਕਾਰ ਤੇ ਪੱਤਰਕਾਰ ਵਜੋਂ ਤਾਂ ਪਹਿਲਾਂ ਹੀ ਜਾਣਦੇ ਹਾਂ , ਇਸ ਨਾਵਲ ਦੇ ਪ੍ਰਕਾਸ਼ਿਤ ਹੋਣ ਨਾਲ ਹੁਣ ਉਹ ਇਕ ਸੰਭਾਵਨਾਵਾਂ ਭਰਪੂਰ ਨਾਵਲਕਾਰ ਵਜੋਂ ਵੀ ਆਪਣੀ ਪਛਾਣ ਬਣਾਉਣ ਵਿਚ ਸਫਲ ਹੋ ਗਿਆ ਹੈ । ਇਕ ਪੱਤਰਕਾਰ ਵਜੋਂ ਤੱਥ ਇਕੱਠੇ ਕਰਨ ਤੇ ਉਸਨੂੰ ਸੁਲਝੀ ਤਰਤੀਬ ਦੇਣ ਦੀ ਯੋਗਤਾ ਉਸਦੀ ਨਾਵਲਕਲਾ ਵਿਚ ਵੀ ਆਪਣੇ ਵੱਖਰਾ ਪ੍ਰਭਾਵ ਛੱਡਦੀ ਹੈ। 160 ਪੰਨਿਆਂ ਤੇ ਅਧਾਰਿਤ 250 ਰੁਪਏ ਮੁੱਲ ਦੇ ਇਸ ਨਾਵਲ ਨੂੰ ਪੁਲਾਂਘ ਪ੍ਰਕਾਸ਼ਨ ਬਰਨਾਲਾ ਵੱਲੋਂ ਛਾਪਿਆ ਗਿਆ ਹੈ।