ਡੀਐਸਪੀ ਬੁਢਲਾਡਾ ਦਫ਼ਤਰ ਅੱਗੇ ਪੱਕਾ ਮੋਰਚੇ ਵਿੱਚ ਸ਼ਾਮਿਲ ਕੁਲਵੰਤ ਸਿੰਘ ਭਦੌੜ ਦੀ ਅਗਵਾਈ ਵਿੱਚ ਕਾਫ਼ਲੇ ਰਵਾਨਾ
ਬੀਬੀਐਨ ਨੈੱਟਵਰਕ ਪੰਜਾਬ ਬਰਨਾਲਾ ਬਿਊਰੋ ਬਰਨਾਲਾ 6 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਕੁਲਵੰਤ ਸਿੰਘ ਭਦੌੜ ਅਤੇ ਜਗਰਾਜ ਸਿੰਘ ਦੀ ਅਗਵਾਈ ਵਿੱਚ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਸ਼ੁਰੂ ਹੋਣ ਵਾਲੇ ਪੱਕੇ ਮੋਰਚੇ ਲਈ ਬਰਨਾਲਾ ਜ਼ਿਲ੍ਹੇ ਦੇ ਤਿੰਨੇ ਬਲਾਕਾਂ ਬਰਨਾਲਾ -ਸ਼ਹਿਣਾ ਅਤੇ ਮਹਿਲਕਲਾਂ ਤੋਂ ਕਾਫ਼ਲੇ ਰਵਾਨਾ ਹੋਏ। ਇਹ ਪੱਕਾ ਮੋਰਚਾ ਕੁੱਲਰੀਆਂ ਦੇ ਅਬਾਦਕਾਰ ਕਿਸਾਨਾਂ ਤੇ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਕਿਸਾਨਾਂ ‘ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਅਤੇ ਝੂਠੇ ਕੇਸ ਵਾਪਸ ਕਰਾਉਣ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਸ਼ੁਰੂ ਹੋ ਰਿਹਾ ਹੈ। ਰਵਾਨਗੀ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਭੋਲਾ ਸਿੰਘ ਛੰਨਾਂ, ਬਾਬੂ ਸਿੰਘ ਖੁੱਡੀਕਲਾਂ ਨੇ ਕਿਹਾ ਕਿ ਜਿਲਾ ਪੁਲਿਸ ਮੁਖੀ ਵੱਲੋਂ ਜਥੇਬੰਦੀ ਨੂੰ ਵਿਸ਼ਵਾਸ ਦਵਾਇਆ ਗਿਆ ਸੀ ਕਿ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸਾਨਾਂ ਤੇ ਪਾਏ ਝੂਠੇ ਮਾਮਲੇ ਵਾਪਸ ਲਏ ਜਾਣਗੇ। ਇਸੇ ਗੱਲ ‘ਤੇ ਭਰੋਸਾ ਕਰਕੇ ਜਥੇਬੰਦੀ ਨੇ 15 ਦਸੰਬਰ ਤੋਂ ਲੱਗਣ ਵਾਲਾ ਮੋਰਚਾ ਮੁਲਤਵੀ ਕੀਤਾ ਸੀ । ਪਰੰਤੂ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਵੱਲੋਂ ਭਰੋਸਾ ਤੋੜ ਦਿੱਤਾ ਗਿਆ । ਜਿਸ ਕਰਕੇ ਜਥੇਬੰਦੀ ਨੂੰ ਮਜਬੂਰਨ ਪੱਕਾ ਮੋਰਚਾ ਲਾਉਣਾ ਪਿਆ। ਉਨ੍ਹਾਂ ਐਲਾਨ ਕੀਤਾ ਕਿ ਜਿੰਨਾਂ ਸਮਾਂ ਕਾਸ਼ਤਕਾਰ ਕਿਸਾਨਾਂ ਨੂੰ ਮਾਲਕੀ ਹੱਕ ਨਹੀ ਦਿੱਤੇ ਜਾਂਦੇ, ਕਿਸਾਨਾਂ ਦੀਆਂ ਜ਼ਮੀਨਾਂ ਤੇ ਜਬਰੀ ਕਬਜ਼ੇ ਬੰਦ ਨਹੀ ਕੀਤੇ ਜਾਂਦੇ ਅਤੇ ਕੁਲਰੀਆਂ ਦੇ ਕਿਸਾਨ ਸੀਤਾ ਸਿੰਘ ਨੂੰ ਗੰਭੀਰ ਜਖਮੀ ਕਰਨ ਵਾਲੇ ਰਾਜੂ ਸਰਪੰਚ ਅਤੇ ਉਸਦੀ ਗੁੰਡਾ ਢਾਣੀ ਨੂੰ ਗ੍ਰਿਫ਼ਤਾਰ ਕਰਕੇ ਸਖਤ ਕਾਰਵਾਈ ਨਹੀ ਕੀਤੀ ਜਾਂਦੀ ਅਤੇ ਕਿਸਾਨਾਂ ਤੇ ਪਾਏ ਝੂਠੇ ਕੇਸ ਵਾਪਸ ਨਹੀਂ ਕੀਤੇ ਜਾਂਦੇ। ਉਨ੍ਹਾਂ ਸਮਾਂ ਅਣਮਿੱਥੇ ਸਮੇਂ ਦਾ ਪੱਕਾ ਮੋਰਚਾ ਜਾਰੀ ਰਹੇਗਾ। ਇਸ ਮੌਕੇ ਅਮਰਜੀਤ ਸਿੰਘ ਠੁੱਲੀਵਾਲ,ਕੁਲਵਿੰਦਰ ਸਿੰਘ ਉੱਪਲੀ, ਅਮਨਦੀਪ ਸਿੰਘ ਰਾਏਸਰ, ਸੁਖਦੇਵ ਸਿੰਘ ਕੁਰੜ,ਜੱਗਾ ਸਿੰਘ ਮਹਿਲਕਲਾਂ, ਜਗਰੂਪ ਸਿੰਘ ਗਹਿਲ, ਜਸਵਿੰਦਰ ਸਿੰਘ ਗਹਿਲ,ਬਲਵੀਰ ਸਿੰਘ ਮਨਾਲ, ਅਮਨਦੀਪ ਸਿੰਘ ਟਿੰਕੂ ਭਦੌੜ, ਰਣਧੀਰ ਸਿੰਘ ਧੀਰਾ ਭਦੌੜ, ਕੁਲਵੰਤ ਸਿੰਘ ਹੰਢਿਆਇਆ, ਹਰਪਾਲ ਸਿੰਘ ਹੰਢਿਆਇਆ, ਜਗਰਾਜ ਸਿੰਘ ਹਮੀਦੀ, ਜਸਵੰਤ ਸਿੰਘ ਹੰਢਿਆਇਆ, ਗੁਰਮੀਤ ਸਿੰਘ, ਸਤਨਾਮ ਸਿੰਘ ਬਰਨਾਲਾ ਆਦਿ ਆਗੂ ਵੀ ਸ਼ਾਮਿਲ ਹੋਏ।