ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 06 ਜਨਵਰੀ
ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਦੇ ਜੁਝਾਰੂ ਸਾਥੀ ਬਲਿੰਦਰ ਪ੍ਰਸ਼ਾਦ ਲਾਈਨਮੈਨ ਦਾ ਟੈਕਨੀਕਲ ਸਰਵਸਿਜ਼ ਯੂਨੀਅਨ (ਰਜਿ) ਅਤੇ ਸਮੂਹ ਸਟਾਫ ਵੱਲੋਂ ਬਹੁਤ ਅਦਬ ਸਤਿਕਾਰ ਸਹਿਤ ਸਨਮਾਨ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਸਰਕਲ ਬਰਨਾਲਾ ਦੇ ਸਕੱਤਰ ਸਾਥੀ ਕੁਲਵੀਰ ਸਿੰਘ ਔਲਖ ਨੇ ਸਾਥੀ ਬਲਿੰਦਰ ਪ੍ਰਸ਼ਾਦ ਦੇ ਜੀਵਨ ਝਾਤ ਉੱਪਰ ਨਿਗਾਹ ਮਾਰਦਾ ਸਨਮਾਨ ਪੱਤਰ ਪੜ੍ਹਦਿਆਂ ਕਿਹਾ ਕਿ 1 ਜਨਵਰੀ 1985 ਨੂੰ ਬਿਜਲੀ ਬੋਰਡ ਉਪ ਮੰਡਲ ਮਹਿਲਕਲਾਂ ਤੋਂ ਡੇਲੀਵੇਜ ਦਾ ਸਫ਼ਰ ਸ਼ੁਰੂ ਕਰਨ ਤੋਂ ਲੈਕੇ ਲਾਈਨ ਮੈਨ ਬਨਣ ਤੱਕ ਦਾ ਤਕਰੀਬਨ 38 ਸਾਲ ਲੰਬਾ ਸਮਾਂ ਸੇਵਾਮੁਕਤੀ 31-12-2023 ਤੱਕ ਕੰਮ ਕਰਨ ਦਾ ਮਾਣਮੱਤਾ ਸਫ਼ਰ ਪੂਰਾ ਕੀਤਾ ਹੈ। ਸਾਥੀ ਬਲਿੰਦਰ ਪ੍ਰਸ਼ਾਦ ਇੱਕ ਸੂਝ ਬੂਝ ਰੱਖਣ ਵਾਲਾ ਪਾਵਰਕੌਮ ਦਾ ਸਿਰੜੀ ਕਾਮਾ ਸੀ। ਇਸੇ ਹੀ ਸਮੇਂ 2019 ਅਧਰੰਗ ਦੇ ਵਾਰ-ਵਾਰ ਅਟੈਕ ਹੋਏ। ਅਜਿਹਾ ਹੋਣ ਤੋਂ ਬਾਅਦ ਪੂਰੀ ਸਾਂਭ ਸੰਭਾਲ ਦਾ ਜਿੰਮਾ ਵੀ ਸਾਥੀ ਬਲਿੰਦਰ ਪ੍ਰਸ਼ਾਦ ਦੀ ਜੀਵਨ ਸਾਥਣ ਬਾਖ਼ੂਬੀ ਨਿਭਾਉਣ ਵਜੋਂ ਮਾਣ ਸਨਮਾਨ ਦੀ ਹੱਕਦਾਰ ਹੈ। ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਆਪਣੀਆਂ ਯਾਦਾਂ ਦੇ ਪਲ ਸਾਂਝੇ ਕਰਦਿਆਂ ਕਿਹਾ ਕਿ ਜਥੇਬੰਦਕ ਸਰਗਰਮੀਆਂ ਵਜੋਂ 01-01-1985 ਨੂੰ ਮਹਿਲਕਲਾਂ ਉਪ ਮੰਡਲ ਵਿੱਚ ਜੁਆਇਨ ਕਰਨ ਸਮੇਂ ਸਾਥੀ ਬਲਿੰਦਰ ਪ੍ਰਸ਼ਾਦ ਦਾ ਵਾਹ ਟੈਕਨੀਕਲ ਸਰਵਸਿਜ਼ ਯੂਨੀਅਨ (ਰਜਿ) ਵਿੱਚ ਕੰਮ ਕਰਦੇ ਸਾਥੀਆਂ ਨਾਲ ਪੈ ਗਿਆ ਸੀ। ਪਾਵਰਕੌਮ ਦੀ ਨਿੱਜੀਕਰਨ ਦੇ ਹੱਲੇ, ਪਟਿਆਲਾ ਸਰਕਲ ਦੇ ਟਰਮੀਨੇਟ ਸਾਥੀਆਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਵਿੱਚ ਪ੍ਰੀਵਾਰ ਸਮੇਤ ਯੋਗਦਾਨ ਪਾਇਆ। ਇਸ ਸਮੇਂ ਸਾਥ ਸਾਥੀ ਰਾਜ ਪਤੀ ਪ੍ਰਧਾਨ ਟੀਐਸਯੂ ਰਜਿ ਮਹਿਲਕਲਾਂ ਨੇ ਕਿਹਾ ਕਿ ਸਾਥੀ ਬਲਿੰਦਰ ਪ੍ਰਸ਼ਾਦ ਨੇ ਆਪਣੇ ਆਪ ਨੂੰ ਬਿਜਲੀ ਕਾਮਿਆਂ ਦੀ ਜਥੇਬੰਦੀ ਟੈਕਨੀਕਲ ਸਰਵਸਿਜ਼ ਯੂਨੀਅਨ (ਰਜਿ) ਤੱਕ ਸੀਮਤ ਨਹੀਂ ਰੱਖਿਆ ਸਗੋਂ ਸਮਾਜਿਕ ਜਬਰ ਖਾਸ ਕਰ ਮਹਿਲਕਲਾਂ ਦੀ ਧਰਤੀ ਉੱਤੇ ਲਟ-ਲਟ ਕਰਕੇ ਬਲ ਰਹੇ ਲੋਕ ਘੋਲ ਵਿੱਚ ਬਣਦਾ ਹਿੱਸਾ ਪਾਇਆ ਹੈ। ਜਸਵਿੰਦਰ ਸਿੰਘ ਚੰਨਣਵਾਲ ਨੇ ਕਿਹਾ ਕਿ ਜਥੇਬੰਦਕ ਸਰਗਰਮੀਆਂ ਦੇ ਨਾਲ-ਨਾਲ ਸਾਥੀ ਬਲਿੰਦਰ ਪ੍ਰਸ਼ਾਦ ਨੂੰ ਪਾਵਰਕੌਮ ਵਿੱਚ ਗਰਿੱਡ ਉੱਪਰ ਕੰਮ ਕਰਨ ਦੀ ਵਿਸ਼ੇਸ਼ ਮੁਹਾਰਤ ਹਾਸਿਲ ਸੀ।ਇਸ ਸਮੇਂ ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਸਿਕੰਦਰ ਸਿੰਘ, ਅਜਮੇਰ ਸਿੰਘ, ਇੰਜ ਬਲਜੀਤ ਸਿੰਘ ਆਦਿ ਆਗੂਆਂ ਵੀ ਹਾਜ਼ਰ ਸਨ। ਸਾਥੀ ਨੂੰ ਅਧਰੰਗ ਦੀ ਬਿਮਾਰੀ ਕਾਰਨ ਪੂਰੀ ਤਰ੍ਹਾਂ ਸਿਹਤਯਾਬ ਨਾ ਹੋਣ ਕਰਕੇ ਘਰ ਵਿੱਚ ਹੀ ਥੋੜ੍ਹੇ ਸਮੇਂ ਦਾ ਸਮਾਗਮ ਕਰਕੇ ਬਲਿੰਦਰ ਪ੍ਰਸ਼ਾਦ ਅਤੇ ਉਸ ਦੀ ਪਤਨੀ ਲਕਸ਼ਮੀ ਦੇਵੀ ਦਾ ਸਨਮਾਨ ਕੀਤਾ ਗਿਆ।