ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 06 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਖੁੱਡੀਕਲਾਂ ਦੇ ਗ਼ਰੀਬ ਕਿਸਾਨ ਜਸਪਾਲ ਸਿੰਘ ਪੁੱਤਰ ਨਛੱਤਰ ਸਿੰਘ ਦੀ ਮਾਮੂਲੀ ਰਕਮ ਬਦਲੇ ਅਦਾਲਤ ਵੱਲੋਂ ਭੇਜੇ ਗਏ ਕੁਰਕੀ ਦੇ ਹੁਕਮਾਂ ਨੂੰ ਅਮਲ ਵਿੱਚ ਆਉਣ ਤੋਂ ਜਥੇਬੰਦਕ ਵਿਰੋਧ ਕਰਦਿਆਂ ਰੋਕਿਆ ਗਿਆ। ਇਸ ਸਮੇਂ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਡਕੌਂਦਾ ਦੇ ਬਲਾਕ ਬਰਨਾਲਾ ਦੇ ਆਗੂਆਂ ਜਰਨੈਲ ਸਿੰਘ, ਕੁਲਵੰਤ ਸਿੰਘ ਹੰਢਿਆਇਆ ਅਤੇ ਰਣ ਸਿੰਘ ਉੱਪਲੀ ਨੇ ਦੱਸਿਆ ਕਿ ਕਿਸਾਨ ਜਸਪਾਲ ਸਿੰਘ ਦਾ ਪਿੰਡ ਦੇ ਹੀ ਇੱਕ ਕਿਸਾਨ ਪ੍ਰੀਵਾਰ ਜਰਨੈਲ ਸਿੰਘ ਨਾਲ 6 ਲੱਖ ਰੁਪਏ ਦਾ ਲੈਣ ਦੇਣ ਸੀ। ਜਰਨੈਲ ਸਿੰਘ ਨੇ ਸਮਾਜਿਕ ਪੱਖ ਨੂੰ ਦਰਕਿਨਾਰ ਕਰਦਿਆਂ ਜਸਪਾਲ ਸਿੰਘ ਦੀ ਜ਼ਮੀਨ ਦੇ ਅਦਾਲਤ ਵਿੱਚੋਂ ਕਬਜ਼ਾ ਵਾਰੰਟ ਹਾਸਲ ਕਰ ਲਏ। ਆਗੂਆਂ ਕਿਹਾ ਕਿ ਭਾਕਿਯੂ ਏਕਤਾ ਡਕੌਂਦਾ ਦਾ ਐਲਾਨ ਹੈ ਕਿ ਕਰਜ਼ੇ ਬਦਲੇ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਸਮੇਂ ਬਲਵੰਤ ਸਿੰਘ ਠੀਕਰੀਵਾਲ, ਜਸਵੰਤ ਸਿੰਘ ਹੰਡਿਆਇਆ, ਹਰਪਾਲ ਪਾਲੀ ਅਤੇ ਪਿੰਡ ਇਕਾਈ ਦੇ ਆਗੂਆਂ ਧੰਨਾ ਸਿੰਘ ਚਹਿਲ, ਜੀਤ ਸਿੰਘ, ਮਹਿੰਦਰ ਸਿੰਘ ਆਦਿ ਆਗੂਆਂ ਦੀ ਅਗਵਾਈ ਵਿੱਚ ਕੁਰਕੀ/ਬੋਲੀ ਰੋਕੀ ਗਈ। ਆਗੂਆਂ ਨੇ ਕੁੱਲਰੀਆਂ ਪਿੰਡ ਦੇ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਦੀ ਰਾਖ਼ੀ ਅਤੇ ਅਬਾਦਕਾਰ ਕਿਸਾਨਾਂ ਉੱਪਰ ਹਮਲਾ ਕਰਨ ਵਾਲੀ ਗੁੰਡਾ ਢਾਣੀ ਨੂੰ ਗ੍ਰਿਫ਼ਤਾਰ ਕਰਵਾਉਣ ਲਈ 6 ਜਨਵਰੀ ਨੂੰ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਸ਼ੁਰੂ ਹੋ ਰਹੇ ਪੱਕੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਕਾਫ਼ਲੇ ਬੰਨ੍ਹ ਕੇ ਕੂਚ ਕਰਨ ਦੀ ਅਪੀਲ ਕੀਤੀ।