ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਬਰਨਾਲਾ ਬਿਊਰੋ, 08 ਜਨਵਰੀ
ਡੀਆਈਜੀ ਪਟਿਆਲਾ ਰੇਂਜ ਐਚ ਐਸ ਭੁੱਲਰ ਅੱਜ ਅਹੁਦਾ ਸੰਭਾਲਣ ਤੋਂ ਬਾਅਦ ਐਸਐਸਪੀ ਦਫਤਰ ਬਰਨਾਲਾ ਵਿਖੇ ਪਹਿਲੀ ਵਾਰ ਪਹੁੰਚੇ। ਜਿੱਥੇ ਬਰਨਾਲਾ ਪਹੁੰਚਣ ਤੇ ਉਹਨਾਂ ਨੂੰ ਪਰੇਡ ਦੀ ਟੁਕੜੀ ਦੇ ਵੱਲੋਂ ਸਲਾਮੀ ਦਿੱਤੀ ਗਈ ਅਤੇ ਐਚਐਸ ਭੁੱਲਰ ਦੇ ਵੱਲੋਂ ਬਰਨਾਲਾ ਪੁਲਿਸ ਦੇ ਸੀਨੀਅਰ ਕਪਤਾਨ ਸਮੇਤ ਆਲਾ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ। ਡੀਆਈਜੀ ਪਟਿਆਲਾ ਰੇਂਜ ਐਚਐਸ ਭੁੱਲਰ ਇਸ ਤੋਂ ਪਹਿਲਾਂ ਬਰਨਾਲਾ ਵਿੱਚ ਬਤੌਰ ਐਸਐਸਪੀ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਉਹ ਡੀਆਈਜੀ ਬਣ ਬਰਨਾਲਾ ਪਹੁੰਚੇ। ਜਿੱਥੇ ਉਹਨਾਂ ਦੇ ਵੱਲੋਂ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਨਸ਼ਾ ਤਸਕਰੀ ਦੇ ਵਿੱਚ ਢਿੱਲ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਵਿੱਢਦਿਆਂ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਅਪਰਾਧਿਕ ਮਾਮਲਿਆਂ ਤੇ ਪੁਲਿਸ ਨੱਥ ਪਾਉਂਦਿਆਂ ਲੋਕਾਂ ਨੂੰ ਸੁਰੱਖਿਤ ਮਾਹੌਲ ਪ੍ਰਦਾਨ ਕਰੇ ਅਤੇ ਸ਼ਹਿਰ ਦੀਆਂ ਹੋਰ ਜੋ ਵੱਖ-ਵੱਖ ਅਮਨ ਕਾਨੂੰਨ ਦੀ ਵਿਵਸਥਾ ਹੈ ਉਸਨੂੰ ਕਾਇਮ ਰੱਖਿਆ ਜਾਵੇ। ਇਸ ਮੌਕੇ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ, ਐਸਪੀ ਰਮਨੀਸ਼ ਚੌਧਰੀ, ਡੀਐਸਪੀ ਸਿਟੀ ਸਤਬੀਰ ਸਿੰਘ, ਥਾਣਾ ਮੁਖੀ ਸਿਟੀ ਬਲਜੀਤ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ,ਥਾਣਾ ਧਨੌਲਾ ਦੇ ਮੁਖੀ ਲਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਆਲਾ ਅਧਿਕਾਰੀ ਮੌਜੂਦ ਸਨ।