19 ਜਨਵਰੀ ਨੂੰ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਵਿਧਾਇਕ ਬੁੱਧ ਰਾਮ ਦੀ ਰਿਹਾਇਸ਼ ਵੱਲ ਕੀਤਾ ਜਾਵੇਗਾ-ਭੈਣੀਬਾਘਾ
ਬੀਬੀਐਨ ਨੈੱਟਵਰਕ ਪੰਜਾਬ, ਮਾਨਸਾ ਬਿਊਰੋ, ਬੁਢਲਾਡਾ 16 ਜਨਵਰੀ
ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਡੀਐਸ ਪੀ ਬੁਢਲਾਡਾ ਦੇ ਚੱਲ ਰਿਹਾ ਪੱਕਾ ਮੋਰਚਾ 11ਵੇਂ ਦਿਨ ਵੀ ਜਾਰੀ ਰਿਹਾ। ਅੱਜ ਕੜਾਕੇ ਦੀ ਠੰਢ ਵਿੱਚ ਸੈਕੜੇ ਕਿਸਾਨ, ਮਜ਼ਦੂਰ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਸਰਕਾਰ ਵਿਰੋਧੀ ਨਾਅਰਬਾਜ਼ੀ ਕੀਤੀ ਕਿਉਕਿ ਸੱਤਾਧਾਰੀ ਸਰਕਾਰ ਵੱਲੋਂ ਸੱਤਾ ਦੇ ਨਸ਼ੇ ਵਿੱਚ ਲੋਕਾਂ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਗੁੰਡਿਆਂ ਦੀ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ। ਅਬਾਦਕਾਰ ਕਿਸਾਨਾਂ ਦੇ ਪੱਖ ਵਿੱਚ ਖੜਦਿਆਂ ਜਥੇਬੰਦੀ ਵੱਲੋਂ ਸਰਕਾਰ ਦੇ ਜਬਰੀ ਜ਼ਮੀਨ ਖੋਹਣ ਦੇ ਨਿਰਦੇਸ਼ਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਈ ਮਹੀਨਿਆਂ ਬੱਧੀ ਜ਼ਮੀਨ ਦੀ ਲੜਾਈ ਲੜੀ ਜਾ ਰਹੀ ਹੈ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪੂਰੇ ਹੋਸ਼ੋ ਹਵਾਸ ਨਾਲ ਵਿਚਾਰ ਕੇ ਇਹ ਮਸਲਾ ਉਠਾਇਆ ਗਿਆ ਹੈ ਅਤੇ ਹੁਣ ਇਹ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਣ ਲਈ ਜਥੇਬੰਦੀ ਤਤਪਰ ਹੈ। ਉਨ੍ਹਾਂ ਕਿਹਾ ਕਿ ਪਰ ਜਿਲਾ ਪੁਲਿਸ ਵੱਲੋਂ ਕਿਸਾਨ ਸੀਤਾ ਸਿੰਘ ‘ਤੇ ਹਮਲਾ ਕਰਨ ਵਾਲੀ ਗੁੰਡਾ ਢਾਣੀ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਲਟਾ ਕਿਸਾਨਾਂ ਤੇ ਝੂਠੇ ਪਰਚੇ ਦਰਜ਼ ਕਰ ਰਹੀ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਦੋਸ਼ੀਆਂ ਨੂੰ ਸ਼ਹਿ ਦੇਣ ਵਾਲੇ ਹਲਕਾ ਐਮ ਐਲ ਏ ਬੁੱਧ ਰਾਮ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ 19 ਜਨਵਰੀ ਨੂੰ ਅਰਥੀ ਫ਼ੂਕ ਮੁਜ਼ਾਹਰਾ ਕਰਕੇ ਲੋਕਾਂ ਸਾਹਮਣੇ ਚਿਹਰਾ ਨੰਗਾ ਕੀਤਾ ਜਾਵੇਗਾ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿੱਚ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਜਗਦੇਵ ਸਿੰਘ ਕੋਟਲੀ, ਬਲਵਿੰਦਰ ਸ਼ਰਮਾ, ਸਤਪਾਲ ਸਿੰਘ ਬਰ੍ਹੇ, ਬਲਜੀਤ ਸਿੰਘ ਭੈਣੀ ਬਾਘਾ, ਮਾਸਟਰ ਪੂਰਨ ਚੰਦ, ਅਸ਼ੋਕ ਕੁਮਾਰ ਗੁਰੂ ਹਰ ਸਹਾਇ, ਡਾਕਟਰ ਪਰਮਜੀਤ ਸੁਰ ਸਿੰਘ, ਸੁਖਜੀਤ ਕੌਰ, ਗੁਰਵਿੰਦਰ ਕੌਰ ਭੈਣੀ ਬਾਘਾ, ਅਜੈਬ ਸਿੰਘ, ਗੁਰਤੇਜ ਸਿੰਘ ਕੋਟਲੀ, ਸਤਨਾਮ ਮੱਖੂ ਆਦਿ ਸਨ ।