ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ ਮਹਿਲਕਲਾਂ 19 ਜਨਵਰੀ
ਨਕਸਲਬਾੜੀ ਯੋਧੇ ਬਾਈ ਇੰਦਰਜੀਤ ਕੁਰੜ ਦਾ ਉਨ੍ਹਾਂ ਦੀ ਜੰਮਣ ਅਤੇ ਕਿਰਤ ਭੋਇਂ ਕੁਰੜ ਵਿਖੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਬਾਈ ਇੰਦਰਜੀਤ ਕੁਰੜ ਦੇ ਪੁਰਾਣੇ ਸਾਥੀ ਅਤੇ ਮੌਜੂਦਾ ਦੌਰ ਵਿੱਚ ਉਨ੍ਹਾਂ ਦੇ ਨਵਾਂ ਲੋਕ ਪੱਖੀ ਸਮਾਜ ਸਿਰਜਣ ਦੇ ਰਾਹੀਆਂ ਨੇ ਸ਼ਮੂਲੀਅਤ ਕੀਤੀ। ਇਸ ਸ਼ਰਧਾਂਜਲੀ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਪਲਸ ਮੰਚ ਦੇ ਪ੍ਰਧਾਨ ਸਾਥੀ ਅਮੋਲਕ ਸਿੰਘ ਨੇ ਕਿਹਾ ਕਿ ਬਾਈ ਇੰਦਰਜੀਤ ਕੁਰੜ ਹੋਰਾਂ ਦੀ ਸਾਈਕਲ ਮੁਰੰਮਤ ਕਰਨ ਵਾਲੀ ਕੁੱਲੀ 1970-71 ਵਿੱਚ ਮਹਿਲਕਲਾਂ ਇਲਾਕੇ ਦੇ ਨਕਸਲਬਾੜੀ ਲਹਿਰ ਦੇ ਯੋਧਿਆਂ ਦੇ ਟਿਕਾਣੇ ਵਜੋਂ ਜਾਣਿਆ ਜਾਂਦਾ ਸੀ। ਨਕਸਲਬਾੜੀ ਲਹਿਰ ਦੇ ਸ਼ਹੀਦ ਬੇਅੰਤ ਸਿੰਘ ਮੂੰਮ,ਪਿਆਰਾ ਸਿੰਘ ਦੱਧਾਹੂਰ,ਟਹਿਲ ਸਿੰਘ ਦੱਧਾਹੂਰ,ਸ਼ਰੀਫ਼ ਮੁਹੰਮਦ ਕਾਂਝਲਾ,ਗੁਰਦੇਵ ਦਰਦੀ ਖਿਆਲੀ, ਰਾਜ ਕਿਸ਼ੋਰ ਮਹਿਲਕਲਾਂ, ਅਕਾਲੀ ਨਿਰੰਜਣ ਸਿੰਘ ਕਾਲਸਾਂ ਅਤੇ ਗੁਰਦਿਆਲ ਸ਼ੀਤਲ ਲਈ ਕੁਰੜ ਸੂਏ ਉੱਤੇ ਬਾਈ ਇੰਦਰਜੀਤ ਦੀ ਸਾਈਕਲ ਰਿਪੇਅਰ ਕਰਨ ਵਾਲੀ ਝੁੱਗੀ ਸਭ ਤੋਂ ਵੱਡੀ ਠਾਹਰ ਸੀ। ਬਾਈ ਇੰਦਰਜੀਤ ਹੋਰਾਂ ਇਸ ਦੌਰ ਸਮੇਂ ਪੁਲਿਸ ਦਾ ਜਬਰ ਆਪਣੇ ਪਿੰਡੇ ਤੇ ਝੱਲਿਆ। ਜਿਸ ਦਾ ਘਰ ਵੀ ਪੁਲਿਸ ਨੇ ਉਜਾੜ ਦਿੱਤਾ। ਪੁਲਿਸ ਦੇ ਲੱਡਾ ਕੋਠੀ ਅਤੇ ਅੰਮ੍ਰਿਤਸਰ ਦਾ ਉਸ ਸਮੇਂ ਦੇ ਬਦਨਾਮ ਤਸੀਹਾ ਕੇਂਦਰ ਵੀ ਬਾਈ ਇੰਦਰਜੀਤ ਹੋਰਾਂ ਕੋਲੋਂ ਕਿਸੇ ਵੀ ਕਿਸਮ ਦੀ ਨਕਸਲਬਾੜੀ ਲਹਿਰ ਬਾਰੇ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ। ਛੇ ਮਹੀਨੇ ਪਤਾ ਵੀ ਨਹੀਂ ਲੱਗਾ ਕਿ ਬਾਈ ਇੰਦਰਜੀਤ ਜਿੰਦਾ ਵੀ ਹੈ ਜਾਂ ਨਹੀਂ। ਉਹ ਨਕਸਲਬਾੜੀ ਯੋਧਾ ਇੰਦਰਜੀਤ ਕੁਰੜ 10 ਜਨਵਰੀ ਨੂੰ 96 ਸਾਲ ਦਾ ਲੰਮਾ ਸਿਰੜੀ ਸਫ਼ਰ ਤਹਿ ਕਰਨ ਉਪਰੰਤ ਸਾਨੂੰ ਅਧਵਾਟੇ ਛੱਡ ਗਿਆ ਹੈ। ਹਾਲਾਂ ਕਿ ਮੌਜੂਦਾ ਦੌਰ ਦੀਆਂ ਚੁਣੌਤੀਆਂ ਕਿਤੇ ਵਡੇਰੀਆਂ ਹਨ ਪਰ ਬਾਈ ਇੰਦਰਜੀਤ ਕੁਰੜ ਦੀ ਲੋਕ ਪੱਖੀ ਨਵਾਂ ਸਮਾਜ ਸਿਰਜਣ ਦੀ ਵਿਰਾਸਤ ਦੇ ਪਹਿਰੇਦਾਰ ਪੂਰੇ ਧੜੱਲੇ ਨਾਲ ਜੂਝ ਰਹੇ ਹਨ। ਜਿਸਮਾਨੀ ਰੂਪ 'ਚ ਭਲੇ ਹੀ ਬਾਈ ਇੰਦਰਜੀਤ ਕੁਰੜ ਸਾਡੇ ਕੋਲੋਂ ਚਲਾ ਗਿਆ ਹੈ ਪਰ ਉਸ ਦੀ ਵਿਗਿਆਨਕ ਵਿਚਾਰਾਂ ਦੀ ਪੂੰਜੀ ਮਾਰਗ ਦਰਸ਼ਕ ਬਣ ਜੁਝਾਰੂ ਕਾਫ਼ਲਿਆਂ ਦਾ ਰਾਹ ਦਰਸਾਵਾ ਬਣੀ ਰਹੇਗੀ। ਬੁਲਾਰਿਆਂ ਨੇ ਬਾਈ ਇੰਦਰਜੀਤ ਕੁਰੜ ਦੇ ਲੋਕ ਪੱਖੀ ਵਿਚਾਰਾਂ ਦੀ ਪੂੰਜੀ ਨੂੰ ਉਨ੍ਹਾਂ ਦੇ ਪੁੱਤਰ ਡਾ ਹਰਭਗਵਾਨ ਵੱਲੋਂ ਅੱਗੇ ਤੋਰਨ ਉੱਤੇ ਮਾਣ ਮਹਿਸੂਸ ਕੀਤੀ। ਬਾਈ ਇੰਦਰਜੀਤ ਕੁਰੜ ਦੀ ਜੀਵਨ ਘਾਲਣਾ ਨੂੰ ਵੱਡੀ ਗਿਣਤੀ ਵਿੱਚ ਵਿੱਚ ਪੁੱਜੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਫ਼ਲਿਆਂ ਨੇ ਸਲਾਮ ਆਖੀ। ਦਰਜਣਾਂ ਜਥੇਬੰਦੀਆਂ ਨੇ ਬਾਈ ਇੰਦਰਜੀਤ ਕੁਰੜ ਦੀ ਮੌਤ ਨਾਲ ਪ੍ਰੀਵਾਰ ਨੂੰ ਵੱਡੇ ਘਾਟੇ ਸਮੇਂ ਸ਼ੋਕ ਸੰਦੇਸ਼ ਭੇਜ ਕੇ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸਟੇਜ ਸਕੱਤਰ ਦੇ ਫਰਜ਼ ਡਾ ਰਜਿੰਦਰ ਪਾਲ ਨੇ ਬਾਖ਼ੂਬੀ ਨਿਭਾਏ। ਕੁਲਦੀਪ ਸਿੰਘ ਨੇ ਪ੍ਰੀਵਾਰ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ।