ਹਰ ਖੇਤੀਬਾੜੀ ਧੰਦੇ ਵਾਲਾ ਵਿਅਕਤੀ ਟਰੈਕਟਰ ਪਰੇਡ ਵਿੱਚ ਸ਼ਾਮਿਲ ਹੋਵੇ – ਜਗਰਾਜ ਹਰਦਾਸਪੁਰਾ
ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 25 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਜਨਵਰੀ ਨੂੰ ਕੀਤੇ ਜਾ ਰਹੇ ਟਰੈਕਟਰ ਪਰੇਡ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ ਅਤੇ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਦੱਸਿਆ ਕਿ ਕਿਸਾਨਾਂ ਨੇ 26 ਜਨਵਰੀ ਦੇ ਟਰੈਕਟਰ ਮਾਰਚ ਦ ਲਈ ਜਥੇਬੰਦੀ ਦੇ ਝੰਡੇ ਵਗੈਰਾ ਲਾ ਲਏ ਹਨ। ਇਹ ਟਰੈਕਟਰ ਪਰੇਡ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਉਗਰਾਹਾਂ ਵੱਲੋਂ ਸਾਂਝੇ ਤੌਰ 'ਤੇ ਤਿੰਨੇ ਬਲਾਕਾਂ ਬਰਨਾਲਾ-ਸ਼ਹਿਣਾ ਅਤੇ ਮਹਿਲਕਲਾਂ ਵਿੱਚ ਕੀਤਾ ਜਾਵੇਗਾ। ਮਹਿਲਕਲਾਂ ਬਲਾਕ ਦਾ ਮਾਰਚ ਦਾਣਾ ਮੰਡੀ ਮਹਿਲਕਲਾਂ, ਬਰਨਾਲਾ ਬਲਾਕ ਦਾ ਦਾਣਾ ਮੰਡੀ ਧਨੌਲਾ ਅਤੇ ਸ਼ਹਿਣਾ ਬਲਾਕ ਦਾ ਤਪਾ ਅਤੇ ਭਦੌੜ ਦਾਣਾ ਮੰਡੀ ਤੋਂ ਸ਼ੁਰੂ ਹੋਵੇਗਾ। ਆਗੂਆਂ ਨੇ ਦੱਸਿਆ ਕਿ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਫ਼ਸਲਾਂ ਦੀ ਘੱਟੋ ਘੱਟ ਕੀਮਤ ਸੀ-2+50% ਮੁਨਾਫ਼ਾ ਜੋੜਕੇ ਤੈਅ ਕਰਵਾਉਣ ਅਤੇ ਸਾਰੀਆਂ ਫ਼ਸਲਾਂ ਦੀ ਘੱਟੋ ਘੱਟ ਕੀਮਤ ਤੇ ਖ੍ਰੀਦ ਯਕੀਨੀ ਬਣਾਉਣ, ਕਿਸਾਨਾਂ ਨੂੰ ਕਰਜ਼ਾ ਮੁਕਤ ਕਰਵਾਉਣ, 58 ਸਾਲ ਤੋਂ ਬਾਅਦ ਕਿਸਾਨਾਂ ਨੂੰ ਬੁਢਾਪਾ ਪੈਨਸ਼ਨ ਦੇਣ, ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਆਦਿ ਮੰਗਾਂ ਦੀ ਪੂਰਤੀ ਲਈ ਐਸਕੇਐਮ ਦੇ ਸੱਦੇ ਤੇ ਇਹ ਟਰੈਕਟਰ ਪਰੇਡ ਸਫ਼ਲ ਕੀਤੀ ਜਾਵੇਗੀ। ਇਸ ਤੋਂ ਬਾਅਦ ਸੰਘਰਸ਼ ਦਾ ਅਗਲਾ ਪੜਾਅ 16 ਫਰਬਰੀ ਮੁਲਕ ਪੱਧਰ ਦਾ ਸੱਦਾ, ਸੱਨਅਤੀ/ਪੇਂਡੂ/ਖੇਤ ਮਜ਼ਦੂਰਾਂ ਨੂੰ ਨਾਲ ਲੈਕੇ ਭਾਰਤ ਬੰਦ ਹੋਵੇਗਾ। ਆਗੂਆਂ ਸਾਹਿਬ ਸਿੰਘ ਬਡਬਰ, ਹਰਮੰਡਲ ਸਿੰਘ ਜੋਧਪੁਰ, ਰਾਮ ਸਿੰਘ ਸ਼ਹਿਣਾ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਸਿੰਘ ਠੁੱਲੀਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ ਅਤੇ ਭੋਲਾ ਸਿੰਘ ਛੰਨਾਂ ਨੇ ਹਰ ਇਕਾਈ ਨੂੰ ਵੱਧ ਤੋਂ ਵੱਧ ਟਰੈਕਟਰਾਂ ਉੱਪਰ ਜਥੇਬੰਦੀ ਦੇ ਝੰਡੇ, ਹਰੀਆਂ ਪੱਗਾਂ, ਬੈਜ ਲਗਾਕੇ ਸਮੇਂ ਸਿਰ ਸ਼ਾਮਿਲ ਹੋਣ ਦੀ ਅਪੀਲ ਕੀਤੀ। ਆਗੂਆਂ ਨੇ ਸਮੂਹ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਇਸ ਟਰੈਕਟਰ ਪਰੇਡ ਪ੍ਰੋਗਰਾਮ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਹੈ।