ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ ਮਹਿਲਕਲਾਂ, 28 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਜ਼ਬਰ ਵਿਰੁੱਧ ਮਹਿਲਕਲਾਂ ਟੋਲ ਪਲਾਜ਼ਾ 11 ਵਜੇ ਤੋਂ 2 ਵਜੇ ਤੱਕ ਫ੍ਰੀ ਕਰਕੇ ਜ਼ਬਰਦਸਤ ਰੋਸ ਪ੍ਰਗਟ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਬਲਾਕ ਮਹਿਲਕਲਾਂ ਦੇ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ, ਜ਼ਿਲ੍ਹਾ ਮੀਤ ਪ੍ਰਧਾਨ ਅਮਰਜੀਤ ਸਿੰਘ ਠੁੱਲੀਵਾਲ, ਬਲਾਕ ਦੇ ਜਨਰਲ ਸਕੱਤਰ ਸਤਨਾਮ ਸਿੰਘ ਮੂੰਮ ਨੇ ਕਿਹਾ ਕਿ ਪਿਛਲੇ ਸਮੇਂ ਇਨਕਲਾਬ ਲਿਆਉਣ ਦੇ ਨਾਹਰੇ ਨਾਲ ਸਤਾ ਉੱਪਰ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੰਗੀ ਚਿੱਟੀ ਗੁੰਡਾਗਰਦੀ ਉੱਪਰ ਉੱਤਰ ਆਈ ਹੈ। ਯੂ ਟਿਊਬਰ ਭਾਨਾ ਸਿੱਧੂ ਨੂੰ ਇੱਕ ਤੋਂ ਬਾਅਦ ਦੂਜੇ ਝੂਠੇ ਪੁਲਿਸ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਇਸ ਤੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਾਲੇ ਪਰਮਿੰਦਰ ਝੋਟਾ ਮਾਨਸਾ ਨੂੰ ਪੁਲਿਸ ਨੇ ਝੂਠੇ ਕੇਸ ਵਿੱਚ ਫਸਾ ਕੇ ਲੰਬਾ ਸਮਾਂ ਜੇਲ੍ਹ ਵਿੱਚ ਬੰਦ ਰੱਖਿਆ। ਇਸੇ ਹੀ ਤਰਾਂ ਕੁੱਲਰੀਆਂ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਲਈ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਸਮੇਤ ਦਰਜਣਾਂ ਆਗੂਆਂ/ਅਬਾਦਕਾਰ ਕਿਸਾਨਾਂ ਖਿਲਾਫ਼ ਝੂਠਾ ਦਰਜ਼ ਕੀਤਾ। ਬਰਨਾਲਾ ਪੁਲਿਸ ਨੇ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਪਾਲ ਉੱਪਰ ਸਿਆਸੀ ਸ਼ਹਿ ਤੇ ਝੂਠਾ ਪਰਚਾ ਦਰਜ ਕੀਤਾ, ਕਾਲੋਨਾਈਜ਼ਰਾਂ ਦੀਆਂ ਮਨਮਾਨੀਆਂ ਖਿਲਾਫ਼ ਆਵਾਜ਼ ਉਠਾਉਣ ਵਾਲੇ ਭਾਕਿਯੂ ਏਕਤਾ ਡਕੌਂਦਾ ਦੇ ਆਗੂ ਵਾਹਿਗੁਰੂ ਸਿੰਘ ਖਿਲਾਫ਼ ਨਜਾਇਜ਼ ਪਰਚਾ ਦਰਜ਼ ਕੀਤਾ, ਆਰਟੀਆਈ ਕਾਰਕੁਨ ਭਗਵੰਤ ਰਾਏ ਖਿਲਾਫ਼ ਝੂਠਾ ਬਲਾਤਕਾਰ ਦਾ ਮੁਕੱਦਮਾ ਦਰਜ਼ ਕਰਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਕੀਤਾ, ਕਬੱਡੀ ਖਿਡਾਰੀਆਂ ਖਿਲਾਫ਼ ਨਜਾਇਜ਼ ਪਰਚਾ ਹੀ ਦਰਜ ਨਹੀਂ ਕੀਤਾ ਸਗੋਂ ਕਬੱਡੀ ਖਿਡਾਰੀ ਪਰਮਜੀਤ ਸਿੰਘ ਪੰਮਾ ਠੀਕਰੀਵਾਲਾ ਦਾ ਮੁਕਾਬਲਾ ਬਨਾਉਣ ਦਾ ਮੁਕੱਦਮਾ ਦਰਜ਼ ਕਰਕੇ ਸਲਾਖਾਂ ਪਿੱਛੇ ਕੈਦ ਕੀਤਾ ਹੋਇਆ ਹੈ। ਆਗੂਆਂ ਕਿਹਾ ਕਿ ਇੱਕ ਪਾਸੇ ਝੂਠੇ ਮੁਕੱਦਮੇ ਦਰਜ਼ ਕਰਕੇ ਜੇਲ੍ਹਾਂ ਵਿੱਚ ਡੱਕਕੇ ਦਹਿਸ਼ਤ ਪਾਈ ਜਾ ਰਹੀ ਹੈ ਦੂਜੇ ਪਾਸੇ ਕੁੱਲਰੀਆਂ ਸਮੇਤ ਹੋਰਨਾਂ ਥਾਵਾਂ ‘ਤੇ ਆਮ ਆਦਮੀ ਪਾਰਟੀ ਦੀ ਸਿਆਸੀ ਸ਼ਹਿ ਤੇ ਕਾਤਲੀ ਹਮਲੇ ਕਰ ਰਹੇ ਹਨ, ਪੁਲਿਸ ਅਜਿਹੀਆਂ ਗੁੰਡਾ ਢਾਣੀਆਂ ਨੂੰ ਸਿਆਸੀ ਸਰਪ੍ਰਸਤੀ ਹੋਣ ਕਰਕੇ ਮੂਕ ਦਰਸ਼ਕ ਬਣੀ ਹੋਈ ਹੈ। ਆਗੂਆਂ ਜਗਰੂਪ ਸਿੰਘ ਗਹਿਲ, ਮੁਕੰਦ ਸਿੰਘ ਹਰਦਾਸਪੁਰਾ, ਜੱਗਾ ਸਿੰਘ ਮਹਿਲਕਲਾਂ, ਭਿੰਦਰ ਸਿੰਘ ਮੂੰਮ, ਸੱਤਪਾਲ ਸਿੰਘ ਸਹਿਜੜਾ, ਗੁਰਪ੍ਰੀਤ ਸਿੰਘ ਸਹਿਜੜਾ ਆਦਿ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਫੌਰੀ ਤੌਰ ‘ਤੇ ਤਿੰਨ ਘੰਟਿਆਂ ਲਈ ਟੋਲ ਪਲਾਜ਼ਾ ਫ੍ਰੀ ਕਰਵਾ ਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਅਜਿਹੀਆਂ ਹਰਕਤਾਂ ਤੋਂ ਬਾਜ਼ ਆਵੇ। ਆਉਣ ਵਾਲੇ ਸਮੇਂ ਵਿੱਚ ਗੁੰਡਾ -ਪੁਲਿਸ-ਸਿਆਸੀ ਗੱਠਜੋੜ ਖਿਲਾਫ਼ ਤਿੱਖੇ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ। ਆਗੂਆਂ ਨੇ ਕੁੱਲਰੀਆਂ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਲਈ ਚੱਲ ਰਹੇ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਲਈ 31 ਜਨਵਰੀ ਨੂੰ ਵੱਡੀ ਗਿਣਤੀ ਵਿੱਚ ਬੁਢਲਾਡਾ ਪਹੁੰਚਣ ਦੀ ਅਪੀਲ ਕੀਤੀ।