ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, ਬਰਨਾਲਾ 28 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟਰੈਕਟਰ ਪਰੇਡ ਵਿੱਚ ਦੋਵਾਂ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਚਮਕੌਰ ਸਿੰਘ ਨੈਣੇਵਾਲ ਅਤੇ ਕੁਲਵੰਤ ਸਿੰਘ ਭਦੌੜ ਦੀ ਅਗਵਾਈ ਵਿੱਚ ਕੱਢੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਰਾਜ ਸਿੰਘ ਹਰਦਾਸਪੁਰਾ ਅਤੇ ਜਰਨੈਲ ਸਿੰਘ ਬਦਰਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਕਿਸਾਨਾਂ ਨੇ 26 ਜਨਵਰੀ ਦੇ ਟਰੈਕਟਰ ਮਾਰਚ ਲਈ ਜਥੇਬੰਦੀ ਦੇ ਝੰਡੇ ਵਗੈਰਾ ਇੱਕ ਦਿਨ ਪਹਿਲਾਂ ਹੀ ਲਾਕੇ ਖੇਤਾਂ ਦੇ ਰਾਖੇ ਟਰੈਕਟਰ ਤਿਆਰ ਕਰ ਲਏ ਸਨ। ਇਹ ਟਰੈਕਟਰ ਪਰੇਡ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਾਂਝੇ ਤੌਰ 'ਤੇ ਤਿੰਨੇ ਬਲਾਕਾਂ ਬਰਨਾਲਾ-ਸ਼ਹਿਣਾ ਅਤੇ ਮਹਿਲਕਲਾਂ ਵਿੱਚ ਕੀਤਾ ਗਿਆ। ਮਹਿਲਕਲਾਂ ਬਲਾਕ ਦਾ ਮਾਰਚ ਦਾਣਾ ਮੰਡੀ ਮਹਿਲਕਲਾਂ, ਬਰਨਾਲਾ ਬਲਾਕ ਦਾ ਦਾਣਾ ਮੰਡੀ ਧਨੌਲਾ ਅਤੇ ਸ਼ਹਿਣਾ ਬਲਾਕ ਦਾ ਤਪਾ ਅਤੇ ਭਦੌੜ ਦਾਣਾ ਮੰਡੀ ਤੋਂ ਸ਼ੁਰੂ ਹੋਇਆ। ਇਹ ਟਰੈਕਟਰ ਪਰੇਡ ਵਿਉਂਤਬੱਧ ਢੰਗ ਨਾਲ ਸੈਂਕੜੇ ਪਿੰਡਾਂ ਵਿੱਚੋਂ ਲੰਘੀ। ਥਾਂ-ਥਾਂ ਟਰੈਕਟਰ ਪਰੇਡ ਦਾ ਜ਼ੋਰਦਾਰ ਢੰਗ ਨਾਲ ਅਕਾਸ਼ ਗੁੰਜਾਊ ਨਾਹਰਿਆਂ ਨਾਲ ਸਵਾਗਤ ਕੀਤਾ ਗਿਆ। ਸੂਬਾਈ ਆਗੂਆਂ ਮਨਜੀਤ ਸਿੰਘ ਧਨੇਰ, ਰੂਪ ਸਿੰਘ ਛੰਨਾਂ, ਹਰਦੀਪ ਸਿੰਘ ਟੱਲੇਵਾਲ ਨੇ ਕਿਹਾ ਕਿ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਫ਼ਸਲਾਂ ਦੀ ਘੱਟੋ ਘੱਟ ਕੀਮਤ ਸੀ-2+50% ਮੁਨਾਫ਼ਾ ਜੋੜਕੇ ਤੈਅ ਕਰਵਾਉਣ ਅਤੇ ਸਾਰੀਆਂ ਫ਼ਸਲਾਂ ਦੀ ਘੱਟੋ ਘੱਟ ਕੀਮਤ ਤੇ ਖ੍ਰੀਦ ਯਕੀਨੀ ਬਣਾਉਣ, ਕਿਸਾਨਾਂ ਨੂੰ ਕਰਜ਼ਾ ਮੁਕਤ ਕਰਵਾਉਣ, 58 ਸਾਲ ਤੋਂ ਬਾਅਦ ਕਿਸਾਨਾਂ ਨੂੰ ਬੁਢਾਪਾ ਪੈਨਸ਼ਨ ਦੇਣ, ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਆਦਿ ਮੰਗਾਂ ਦੀ ਪੂਰਤੀ ਲਈ ਐਸਕੇਐਮ ਦੇ ਸੱਦੇ ਤੇ ਇਹ ਟਰੈਕਟਰ ਪਰੇਡ ਕੀਤੀ ਗਈ ਹੈ। ਇਸ ਟਰੈਕਟਰ ਪਰੇਡ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਸ਼ਾਮਿਲ ਹੋਏ। ਵੱਖ-ਵੱਖ ਥਾਵਾਂ 'ਤੇ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਅੱਜ ਅਖੌਤੀ ਗਣਤੰਤਰ ਦਿਵਸ ਮੌਕੇ ਮਾਨਸਾ ਵਿੱਚ ਝੰਡਾ ਝੁਲਾਉਣ ਆਏ ਕੈਬਨਿਟ ਮੰਤਰੀ ਬ੍ਰਹਮ ਕੁਮਾਰ ਜਿੰਪਾ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕੁੱਲਰੀਆਂ ਅਬਾਦਕਾਰ ਕਿਸਾਨਾਂ ਦਾ ਮਸਲਾ ਹੱਲ ਕਰਨ ਲਈ ਕਾਲੇ ਝੰਡੇ ਵਿਖਾਉਣ ਮੌਕੇ ਸੈਂਕੜੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ, ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ। ਕਿਉਂ ਕਿ ਕੁੱਲਰੀਆਂ ਦੇ ਅਬਾਦਕਾਰ ਕਿਸਾਨਾਂ ਦਾ ਆਪਣੀ ਜ਼ਮੀਨ ਦੀ ਰਾਖੀ ਲਈ ਗੁੰਡਾ -ਪੁਲਿਸ-ਸਿਆਸੀ ਗੱਠਜੋੜ ਖਿਲਾਫ਼ 6 ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਦਾ ਪ੍ਰਧਾਨ ਅਤੇ ਹਲਕਾ ਵਿਧਾਇਕ ਬੁੱਧ ਰਾਮ ਸ਼ਰੇਆਮ ਗੁੰਡਾ ਢਾਣੀ ਦੀ ਮੱਦਦ ਕਰ ਰਿਹਾ ਹੈ। ਅਜਿਹਾ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਆਗੂਆਂ ਰਾਮ ਸਿੰਘ ਸ਼ਹਿਣਾ, ਗੁਰਦੇਵ ਸਿੰਘ ਮਾਂਗੇਵਾਲ, ਬੁੱਕਣ ਸਿੰਘ ਸੱਦੋਵਾਲ, ਅਮਰਜੀਤ ਸਿੰਘ ਠੁੱਲੀਵਾਲ, ਦਰਸ਼ਨ ਸਿੰਘ ਭੈਣੀ ਮਹਿਰਾਜ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾ, ਭੋਲਾ ਸਿੰਘ ਛੰਨਾਂ, ਸੁਖਦੇਵ ਸਿੰਘ ਭੋਤਨਾ, ਬਲੌਰ ਸਿੰਘ ਛੰਨਾਂ,ਜੱਜ ਸਿੰਘ ਗਹਿਲ, ਔਰਤ ਆਗੂਆਂ ਕਮਲਜੀਤ ਕੌਰ, ਮਨਜੀਤ ਕੌਰ ਸੰਧੂ ਕਲਾਂ, ਬਿੰਦਰਪਾਲ ਕੌਰ ਭਦੌੜ, ਸੰਦੀਪ ਕੌਰ ਪੱਤੀ ਸੇਖਵਾਂ ਨੇ ਟਰੈਕਟਰਾਂ ਉੱਪਰ ਜਥੇਬੰਦੀ ਦੇ ਝੰਡੇ, ਹਰੀਆਂ/ਪੀਲੀਆਂ ਪੱਗਾਂ, ਬੈਜ ਲਗਾਕੇ
ਪੂਰੇ ਜੋਸ਼ ਨਾਲ ਸ਼ਾਮਿਲ ਹੋਏ ਕਿਸਾਨ ਕਾਫ਼ਲਿਆਂ ਦਾ ਧੰਨਵਾਦ ਕੀਤਾ। ਆਗੂਆਂ ਨੇ ਕਿਹਾ ਕਿ ਸੰਘਰਸ਼ ਦਾ ਅਗਲਾ ਪੜਾਅ 16 ਫਰਬਰੀ ਮੁਲਕ ਪੱਧਰ ਦਾ ਸੱਦਾ, ਸੱਨਅਤੀ/ਪੇਂਡੂ/ਖੇਤ ਮਜ਼ਦੂਰਾਂ ਨੂੰ ਨਾਲ ਲੈਕੇ ਭਾਰਤ ਬੰਦ ਹੋਵੇਗਾ। 16 ਫਰਬਰੀ ਦੇ ਭਾਰਤ ਬੰਦ ਦੇ ਪ੍ਰੋਗਰਾਮ ਦੀ ਹੁਣੇ ਤੋਂ ਤਿਆਰੀ ਸ਼ੁਰੂ ਕਰ ਦੇਣ ਦੀ ਅਪੀਲ ਕੀਤੀ ।