ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 04 ਫਰਵਰੀ
ਪਾਵਰਕੌਮ ਦੀ ਮੈਨੇਜਮੈਂਟ ਨੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਵਿੱਚ ਕਟੌਤੀ ਕਰਕੇ ਅਦਾਇਗੀ ਕਰਨ ਦਾ ਮੁਲਾਜ਼ਮ/ਪੈਨਸ਼ਨਰਜ਼ ਮਾਰੂ ਫ਼ੈਸਲਾ ਕਰ ਦਿੱਤਾ ਸੀ। ਇਹ ਮੁਲਾਜ਼ਮ/ਪੈਨਸ਼ਨਰਜ਼ ਵਿਰੋਧੀ ਫ਼ੈਸਲੇ ਦੀ ਜਾਣਕਾਰੀ ਮਿਲਦਿਆਂ ਹੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਸੀ। ਪਾਵਰਕੌਮ ਦੀਆਂ ਪ੍ਰਮੁੱਖ ਜਥੇਬੰਦੀਆਂ ਪੈਨਸ਼ਨਰਜ਼ ਐਸੋਸੀਏਸ਼ਨ, ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ,ਜੁਆਇੰਟ ਫੋਰਮ,ਮੁਲਾਜ਼ਮ ਏਕਤਾ ਮੰਚ, ਮਨਿਸਟੀਰੀਅਲ ਸਟਾਫ਼ ਯੂਨੀਅਨ, ਐਮ ਓ ਯੂ ਅਤੇ ਜੇਈ ਕੌਂਸਲ ਵੱਲੋਂ ਪਾਵਰਕੌਮ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਤਨਖਾਹਾਂ ਅਤੇ ਪੈਨਸ਼ਨਾਂ ਵਿੱਚ ਕਟੌਤੀ ਖਿਲਾਫ਼ ਰੋਸ ਰੈਲੀਆਂ ਕਰਨ ਦਾ ਸੱਦਾ ਦਿੱਤਾ ਗਿਆ ਸੀ। ਮੁੱਖ ਦਫ਼ਤਰ ਅੱਗੇ ਹੋਈ ਵਿਸ਼ਾਲ ਰੈਲੀ ਨੂੰ ਬੁਲਾਰੇ ਆਗੂਆਂ ਸਿੰਦਰ ਸਿੰਘ ਧੌਲਾ, ਗੁਰਚਰਨ ਸਿੰਘ, ਸੁਖਦੇਵ ਸਿੰਘ,ਹਾਕਮ ਸਿੰਘ ਨੂਰ, ਸੁਖਜੰਟ ਸਿੰਘ, ਨਰਾਇਣ ਦੱਤ, ਰਜੇਸ਼ ਕੁਮਾਰ ਸ਼ਾਮਿਲ ਸਨ। ਭਰਾਤਰੀ ਹਮਾਇਤ ਵਜੋਂ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਨੇ ਸ਼ਾਮਿਲ ਹੁੰਦਿਆਂ ਸੰਘਰਸ਼ਸੀਲ ਬਿਜਲੀ ਕਾਮਿਆਂ ਨੂੰ 16 ਫਰਬਰੀ ਦੇ ਭਾਰਤ ਬੰਦ ਨੂੰ ਸਫ਼ਲ ਬਨਾਉਣ ਦੀ ਅਪੀਲ ਕੀਤੀ। ਅੱਜ ਪਾਵਰਕੌਮ ਦੀ ਮੈਨੇਜਮੈਂਟ ਦੇ ਤਨਖਾਹ ਅਤੇ ਪੈਨਸ਼ਨ ਕੱਟਣ ਦੇ ਮੁਲਾਜ਼ਮ/ਪੈਨਸ਼ਨਰਜ਼ ਵਿਰੋਧੀ ਫ਼ੈਸਲੇ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਅਤੇ ਸਾਰੇ ਉਪ ਮੰਡਲ ਦਫ਼ਤਰਾਂ ਅੱਗੇ ਵਿਸ਼ਾਲ ਰੋਸ ਰੈਲੀਆਂ ਕਰਨ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਮਿਲਿਆ। ਸਮੂਹ ਸਾਥੀਆਂ ਨੇ ਇਨ੍ਹਾਂ ਰੋਸ ਰੈਲੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਸੈਂਕੜੇ ਸਾਥੀਆਂ ਨੇ ਰੋਸ ਰੈਲੀ ਉਪਰੰਤ ਜੋਸ਼ੀਲਾ ਮਾਰਚ ਕੀਤਾ। ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਆਪਣਾ ਇਹ ਮੁਲਾਜ਼ਮ/ ਪੈਨਸ਼ਨਰਜ਼ ਵਿਰੋਧੀ ਫੈਸਲਾ ਸਾਂਝੇ ਸੰਘਰਸ਼ ਦੀ ਬਦੌਲਤ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਆਗੂਆਂ ਕਿਹਾ ਕਿ ਮਨੇਜਮੈਂਟ ਦੇ ਅਜਿਹੇ ਮੁਲਾਜ਼ਮ/ ਪੈਨਸ਼ਨਰਜ਼ ਵਿਰੋਧੀ ਫੈਸਲਿਆਂ ਖਿਲਾਫ਼ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਆਗੂਆਂ ਵਿਸ਼ਵਾਸ ਦਿਵਾਇਆ ਕਿ 16 ਫਰਬਰੀ ਦੇ ਭਾਰਤ ਬੰਦ ਸੱਦੇ ਨੂੰ ਸਫ਼ਲ ਬਨਾਉਣ ਲਈ ਭਰਵਾਂ ਯੋਗਦਾਨ ਪਾਉਣਗੇ।