ਮੋਦੀ ਸਰਕਾਰ ਦਾ ਜਬਰ ਕਿਸਾਨ ਸੰਘਰਸ਼ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ – ਜਗਰਾਜ ਹਰਦਾਸਪੁਰਾ1
ਮਹਿਲਕਲਾਂ 13 ਫਰਬਰੀ:- ਦਿੱਲੀ ਦੇ ਸਿੰਘੂ-ਟਿੱਕਰੀ ਬਾਰਡਰਾਂ ਉੱਪਰ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਚੱਲੇ ਸੰਘਰਸ਼ ਦੌਰਾਨ ਪੁਲਿਸ ਨੇ ਬਹੁਤ ਸਾਰੇ ਕਿਸਾਨਾਂ ਖਿਲਾਫ਼ ਪੁਲਿਸ ਕੇਸ ਦਰਜ ਕਰ ਦਿੱਤੇ ਸਨ। ਇਨ੍ਹਾਂ ਪੁਲਿਸ ਕੇਸਾਂ ਨੂੰ 9 ਦਸੰਬਰ 2021 ਨੂੰ ਹੋਏ ਫੈਸਲੇ ਦੇ ਬਾਵਜੂਦ ਵੀ ਵਾਪਸ ਨਹੀਂ ਲਿਆ ਗਿਆ। ਜਿਸ ਕਾਰਨ ਇਨ੍ਹਾਂ ਪੁਲਿਸ ਕੇਸਾਂ ਵਿੱਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ 13 ਫਰਬਰੀ ਨੂੰ ਭਾਕਿਯੂ ਏਕਤਾ (ਡਕੌਂਦਾ) ਦੇ ਆਗੂਆਂ ਗੁਰਪ੍ਰੀਤ ਸਿੰਘ ਸਹਿਜੜਾ ਅਤੇ ਹੋਰਨਾਂ ਦੀ ਪੇਸ਼ੀ ਸੀ। ਪਰ ਪੇਸ਼ੀ ਭੁਗਤਣ ਲਈ ਜਾ ਰਹੇ ਇਨ੍ਹਾਂ ਕਿਸਾਨ ਆਗੂਆਂ ਗੁਰਪ੍ਰੀਤ ਸਿੰਘ, ਸੱਤਪਾਲ ਸਿੰਘ ਸਹਿਜੜਾ ਸਮੇਤ ਹੋਰਨਾਂ ਆਗੂਆਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਹ ਕਿਸਾਨ ਆਗੂ ਐਸਕੇਐਮ ਦੀ ਅਗਵਾਈ ਵਿੱਚ ਪੇਸ਼ੀ ਭੁਗਤਣ ਲਈ ਜਾ ਰਹੇ ਸਨ। ਕਿਸਾਨੀ ਸਘੰਰਸ਼ ਸਮੇਂ ਦਿਲੀ 13 ਤਰੀਕ ਦੀ ਪੇਸ਼ੀ ਭੁਗਤਣ ਲਈ ਜਾ ਰਹੇ ਕਿਸਾਨਾਂ ਨੂੰ ਦਿੱਲੀ ਪੁਲਿਸ ਵੱਲੋਂ ਦੁਬਾਰਾ ਫਿਰ ਗ੍ਰਿਫ਼ਤਾਰ ਕੀਤਾ ਗਿਆ। ਇਸ ਮੌਕੇ ਅਮਰੀਕ ਸਿੰਘ ਫਫੜੇ ਭਾਈਕੇ, ਕੁਲਦੀਪ ਸਿੰਘ,ਸਿਕੰਦਰ ਸਿੰਘ, ਜਗਰੂਪ ਸਿੰਘ ਰੱਲਾ, ਹਰਪਾਲ ਦਾਸ ਆਦਿ 8 ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਭਾਕਿਯੂ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਆਗੂ ਜਗਰਾਜ ਸਿੰਘ ਹਰਦਾਸਪੁਰਾ ਅਤੇ ਬਲਾਕ ਮਹਿਲਕਲਾਂ ਦੇ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਇਨ੍ਹਾਂ ਕਿਸਾਨ ਆਗੂਆਂ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੇਸ਼ੀ ਭੁਗਤਣ ਗਏ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਨਾਲ ਮੋਦੀ ਸਰਕਾਰ ਦਾ ਜਾਬਰ ਚਿਹਰਾ ਹੋਰ ਵਧੇਰੇ ਨੰਗਾ ਹੋ ਗਿਆ ਹੈ। ਆਗੂਆਂ ਨੇ ਪੰਜਾਬ - ਹਰਿਆਣਾ ਬਾਰਡਰਾਂ ਉੱਪਰ ਦਿੱਲੀ ਜਾ ਰਹੇ ਕਿਸਾਨ ਕਾਫ਼ਲਿਆਂ ਨੂੰ ਰੋਕਣ ਲਈ ਸਖ਼ਤ ਰੋਕਾਂ ਲਾਉਣ, ਡਰੋਨਾਂ ਰਾਹੀਂ ਅੱਥਰੂ ਗੈਸ ਦੇ ਗੋਲੇ ਵਰਤਾਉਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਆਗੂਆਂ ਕਿਹਾ ਕਿ ਸਾਡਾ ਕਿਸੇ ਜਥੇਬੰਦੀ ਨਾਲ ਵਿਚਾਰਾਂ ਦਾ ਮੱਤਭੇਦ ਹੋ ਸਕਦਾ ਹੈ,ਪਰ ਜਿਨ੍ਹਾਂ ਮੰਗਾਂ ਲਈ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਉਹ ਪੂਰੇ ਭਾਰਤ ਦੇ ਕਿਸਾਨਾਂ ਦੀਆਂ ਸਾਂਝੀਆਂ ਮੰਗਾਂ ਹਨ। ਵਿਚਾਰਕ ਮੱਤਭੇਦ ਦਾ ਮਤਲਬ ਕਦਾਚਿੱਤ ਇਹ ਨਹੀਂ ਕਿ ਮੋਦੀ ਸਰਕਾਰ ਵੱਲੋਂ ਜਾਬਰ ਹੱਲਾ ਬੋਲ ਕੇ ਸੰਘਰਸ਼ ਨੂੰ ਦਬਾਉਣ ਮੌਕੇ ਚੁੱਪ ਬੈਠਿਆ ਜਾਵੇ। ਆਗੂਆਂ ਮੰਗ ਕੀਤੀ ਕਿ ਤਮਾਮ ਰੋਕਾਂ ਖ਼ਤਮ ਕਰਕੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਦਿੱਲੀ ਵੱਲ ਆਗਿਆ ਦਿੱਤੀ ਜਾਵੇ।