ਬਰਨਾਲਾ 13 ਫਰਬਰੀ:- ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ/ਫੈਡਰੇਸ਼ਨਾਂ ਦੇ ਸੱਦੇ ਤੇ 16 ਫਰਬਰੀ ਦੇ ਭਾਰਤ ਬੰਦ ਸੱਦੇ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਕੁਲਵੰਤ ਸਿੰਘ ਭਦੌੜ ਦੀ ਪ੍ਰਧਾਨਗੀ ਹੇਠ ਗੁਰਦਵਾਰਾ ਕਾਲਾ ਮਾਹਿਰ ਵਿਖੇ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਸਾਹਿਬ ਸਿੰਘ ਬਡਬਰ, ਗੁਰਦੇਵ ਸਿੰਘ ਮਾਂਗੇਵਾਲ ਅਤੇ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਘੱਟੋ-ਘੱਟ ਖਰੀਦ ਕੀਮਤ ਤੇ ਕਾਨੂੰਨਨ ਗਰੰਟੀ ਕਰਨ, ਸੀ2+50% ਮੁਨਾਫ਼ਾ ਜੋੜਕੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਪੈਦਾਵਾਰ ਲਾਗਤਾਂ ਘਟਾਉਣ ਲਈ ਬੀਜਾਂ,ਖਾਦਾਂ , ਬਿਜਲੀ ਅਤੇ ਹੋਰ ਲਾਗਤਾਂ ਉੱਪਰ ਸਬਸਿਡੀ ਵਧਾਉਣ, ਕੌਮੀ ਪੱਧਰ 'ਤੇ ਘੱਟੋ - ਘੱਟ ਤਨਖਾਹ 26,000 ਰੁ ਪ੍ਰਤੀ ਮਹੀਨਾ, ਚਾਰ ਕਿਰਤ ਕੋਡਾਂ ਨੂੰ ਵਾਪਸ ਕਰਵਾਉਣ ਲਈ, ਬਿਜਲੀ ਬਿੱਲ -2020 ਰੱਦ ਕਰਵਾਉਣ, ਨਵੀਂ ਸਿੱਖਿਆ ਨੀਤੀ -2020 ਰੱਦ ਕਰਵਾਉਣ, ਹਿੱਟ ਐਂਡ ਰਨ ਕਾਨੂੰਨ ਰੱਦ ਕਰਵਾਉਣ ਅਤੇ ਮੋਦੀ ਹਕੂਮਤ ਦੇ ਜ਼ਬਰ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ 16 ਫਰਬਰੀ 2024 ਨੂੰ ਉਦਯੋਗਿਕ ਖੇਤਰ ਹੜਤਾਲ਼ ਅਤੇ ਪੇਂਡੂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਰਜੀਤ ਸਿੰਘ ਠੁੱਲੀਵਾਲ, ਰਾਮ ਸਿੰਘ ਸ਼ਹਿਣਾ ਨੇ ਕਿਹਾ ਕਿ ਇਹ ਭਾਰਤ ਬੰਦ ਮੋਦੀ ਹਕੂਮਤ ਦੇ ਕਿਸਾਨ-ਮਜ਼ਦੂਰ- ਮੁਲਾਜ਼ਮ-ਲੋਕ ਵਿਰੋਧੀ ਫੈਸਲਿਆਂ ਅਤੇ ਫਿਰਕੂ ਫਾਸ਼ੀ ਹੱਲੇ ਖਿਲਾਫ਼ ਵਿਸ਼ਾਲ ਲੋਕ ਲਹਿਰ ਖੜੀ ਕਰਨ ਲਈ ਦਿੱਤਾ ਗਿਆ ਹੈ। ਜਿਸ ਵਿੱਚ ਕਿਸਾਨ-ਮਜਦੂਰ- ਮੁਲਾਜਮ- ਨੌਜਵਾਨ ਅਤੇ ਛੋਟੇ ਕਾਰੋਬਾਰੀ ਸ਼ਾਮਿਲ ਹੋਣਗੇ। 16 ਫਰਬਰੀ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ 9 ਫਰਬਰੀ ਨੂੰ ਤਿੰਨੇ ਬਲਾਕਾਂ ਵਿੱਚ ਕੀਤੇ ਗਏ ਮਾਰਚ ਦੀ ਸਮੀਖਿਆ ਕੀਤੀ ਗਈ। ਆਗੂਆਂ ਨੇ ਸਾਰੀਆਂ ਜਥੇਬੰਦੀ ਦੇ ਬਲਾਕ,ਪਿੰਡ ਇਕਾਈਆਂ ਨੂੰ 16 ਫਰਬਰੀ ਬੰਦ ਦੇ ਸੱਦੇ ਦੀ ਸਫ਼ਲਤਾ ਲਈ ਤਿਆਰੀਆਂ ਵਿੱਚ ਜੀਅ ਜਾਨ ਨਾਲ ਜੁੱਟ ਜਾਣ ਦਾ ਸੱਦਾ। ਇਸ ਸਮੇਂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ, ਭੋਲਾ ਸਿੰਘ ਛੰਨਾਂ, ਕੁਲਵਿੰਦਰ ਸਿੰਘ ਉੱਪਲੀ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਸੁਖਦੇਵ ਸਿੰਘ ਕੁਰੜ, ਬਲਵੰਤ ਸਿੰਘ ਠੀਕਰੀਵਾਲਾ, ਗੁਰਮੀਤ ਸਿੰਘ ਸਤਨਾਮ ਸਿੰਘ ਬਰਨਾਲਾ, ਹਰਪਾਲ ਸਿੰਘ ਹੰਢਿਆਇਆ ਆਦਿ ਆਗੂਆਂ ਨੇ ਕੁੱਲਰੀਆਂ ਜ਼ਮੀਨ ਮਾਲਕ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਲਈ ਮਹੀਨੇ ਭਰ ਤੋਂ ਵੱਧ ਸਮੇਂ ਤੋਂ ਚੱਲ ਰਹੇ ਸੰਘਰਸ਼ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਮਾਨਸਾ ਪ੍ਰਸ਼ਾਸਨ ਵੱਲੋਂ ਧਾਰੀ ਸਾਜ਼ਿਸ਼ੀ ਚੁੱਪ ਨੂੰ ਤੋੜਨ ਲਈ 12 ਫਰਬਰੀ ਨੂੰ ਆਮ ਆਦਮੀ ਪਾਰਟੀ ਦੇ ਤਿੰਨੇ ਵਿਧਾਇਕਾਂ ਦੀ ਰਿਹਾਇਸ਼ਾਂ ਅੱਗੇ ਵਿਸ਼ਾਲ ਧਰਨੇ ਦੇਕੇ ਮੰਗ ਪੱਤਰ ਦੇਣ ਨੂੰ ਅੰਤਿਮ ਰੂਪ ਦਿੱਤਾ ਗਿਆ।