ਬਰਨਾਲਾ 13 ਫਰਵਰੀ:- ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟਰੇਡ ਯੂਨੀਅਨਾਂ,ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ ਤਹਿਤ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾ ਰਿਹਾ ਹੈ। ਬੰਦ ਨੂੰ ਸਫ਼ਲ ਬਣਾਉਣ ਲਈ ਬਰਨਾਲਾ ਜ਼ਿਲ੍ਹੇ ਦੇ ਵੱਖ ਵੱਖ ਹਲਕਿਆਂ ਵਿੱਚ ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮ ਆਗੂਆਂ ਵੱਲੋਂ ਪਿੰਡਾਂ ਵਿੱਚ ਝੰਡਾ ਮਾਰਚ ਕਰਕੇ ਜ਼ੋਰਦਾਰ ਤਿਆਰੀ ਵਿੱਢ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂਆਂ ਬਾਬੂ ਸਿੰਘ ਖੁੱਡੀ ਕਲਾਂ, ਕੁਲਵੰਤ ਸਿੰਘ ਹੰਡਿਆਇਆ, ਬਲਵੰਤ ਸਿੰਘ ਠੀਕਰੀਵਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਗਤਾਰ ਸਿੰਘ ਪੱਖੋਕਲਾਂ, ਟਰੇਡ ਯੂਨੀਅਨ ਆਗੂ ਲਾਭ ਸਿੰਘ ਅਕਲੀਆ, ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਰਾਜ ਰਾਮਾ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਜ਼ਿਲ੍ਹਾ ਕਮੇਟੀ ਮੈਂਬਰ ਗੁਰਮੇਲ ਸਿੰਘ ਪੱਖੋਕਲਾਂ ਆਦਿ ਆਗੂਆਂ ਨੇ ਖੁੱਡੀ ਕਲਾਂ, ਹੰਡਿਆਇਆ, ਧੌਲਾ, ਰੂੜੇਕੇ ਕਲਾਂ, ਪੱਖੋਕਲਾਂ, ਫਤਿਹਗੜ ਛੰਨਾਂ, ਭੈਣੀ ਜੱਸਾ ਅਤੇ ਬਰਨਾਲਾ ਵਿਖੇ ਝੰਡਾ ਮਾਰਚ ਕਰਕੇ ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਤਨ-ਮਨ ਨਾਲ ਹਰ ਪੱਖੋਂ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਚੋਣਾਂ ਸਮੇਂ ਆਮ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਪੂਰੀ ਤਰ੍ਹਾਂ ਮੁੱਕਰ ਚੁਕੀਆਂ ਹਨ। ਇਹਨਾਂ ਸਰਕਾਰਾਂ ਨੂੰ ਸਬਕ ਸਿਖਾਉਣ ਲਈ ਪੂਰਾ ਭਾਰਤ ਬੰਦ ਕੀਤਾ ਜਾ ਰਿਹਾ ਹੈ।