ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ/ਪਟਿਆਲਾ ਬਿਊਰੋ, 14 ਫਰਵਰੀ
ਬਸੰਤ ਪੰਚਮੀ ਦੇ ਮੌਕੇ ਸਿੱਖ ਸੰਗਤਾਂ ਦੇ ਵੱਲੋਂ ਪੰਜਾਬ ਸਮੇਤ ਦੇਸ਼ ਭਰ ਦੇ ਵਿੱਚ ਵੱਖ ਵੱਖ ਗੁਰੂ ਘਰਾਂ ਅਤੇ ਧਾਰਮਿਕ ਅਸਥਾਨਾਂ ਦੇ ਉੱਤੇ ਨਤਮਸਤਕ ਹੋ ਕੇ ਜਿੱਥੇ ਪਰਮਾਤਮਾ ਦਾ ਆਸ਼ੀਰਵਾਦ ਹਾਸਿਲ ਕੀਤਾ ਗਿਆ। ਉੱਥੇ ਹੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਨਤਮਸਤਕ ਹੋ ਕੇ ਸਿੱਖ ਸੰਗਤਾਂ ਦੇ ਵੱਲੋਂ ਬਸੰਤ ਪੰਚਮੀ ਦੇ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਹਾਸਲ ਕੀਤਾ ਗਿਆ ਉੱਥੇ ਹੀ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰ ਆਪਣੀ ਆਤਮਾ ਨੂੰ ਪਵਿੱਤਰ ਕੀਤਾ। ਇਸ ਮੌਕੇ ਇੱਕ ਦਿਨ ਦੇ ਵਿੱਚ 50 ਹਜਾਰ ਤੋਂ ਵੱਧ ਦੇਗ ਪ੍ਰਸ਼ਾਦ ਦੀਆਂ ਪਰਚੀਆਂ ਕੱਟੀਆਂ ਗਈਆਂ ਉੱਥੇ ਹੀ ਲਗਭਗ 2 ਲੱਖ ਸਿੱਖ ਸੰਗਤਾਂ ਦੇ ਵੱਲੋਂ ਸ਼ਾਮ 8 ਵਜੇ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਹਾਸਿਲ ਕੀਤਾ ਅਤੇ ਗੁਰੂ ਕਾ ਲੰਗਰ ਲਿਆ ਗਿਆ। ਸ਼ਰਧਾਲੂਆਂ ਦਾ ਇਹ ਜੋ ਉਤਸਾਹ ਸੀ ਉਹ ਦੇਰ ਰਾਤ ਤੱਕ ਜਾਰੀ ਰਿਹਾ।
ਪੰਜਾਬੀ ਸੱਭਿਆਚਾਰ ’ਚ ਖ਼ਾਸ ਸਥਾਨ ਰੱਖਦਾ ਹੈ ਬਸੰਤ ਪੰਚਮੀ ਦਾ ਤਿਉਹਾਰ। ਬਸੰਤ ਪੰਚਮੀ ਮਾਘ ਸੁਦੀ ਪੰਜ ਨੂੰ ਮਨਾਇਆ ਜਾਣ ਵਾਲਾ ਤਿਉਹਾਰ ਹੈ, ਇਸ ਲਈ ਇਸ ਨੂੰ ‘ਬਸੰਤ ਪੰਚਮੀ’ ਕਿਹਾ ਜਾਂਦਾ ਹੈ। ਇਹ ਇਤਿਹਾਸਕ ਤਾਂ ਹੈ ਹੀ ਸਮੇਂ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜਿਕ ਲਹਿਰਾਂ ਵੀ ਇਸ ਨਾਲ ਜੁੜਦੀਆਂ ਗਈਆਂ। ਬਾਹਰ ਦੀ ਰੁੱਤ ਬਸੰਤ ਖ਼ੁਸ਼ੀਆਂ ਖੇੜਿਆਂ ਦਾ ਮੌਸਮੀ ਤਿਉਹਾਰ ਹੈ। ਇਸ ਨੂੰ ਭਾਰਤ ਦੀਆਂ ਮੁੱਖ ਛੇ ਰੁੱਤਾਂ ’ਚੋਂ ਸਭ ਤੋਂ ਮਨਮੋਹਣੀ ਮੰਨਿਆ ਜਾਂਦਾ ਹੈ। ਬਸੰਤ ਨੂੰ ‘ਰੁੱਤਾਂ ਦੀ ਰਾਣੀ’ ਜਾਂ ‘ਰਿਤੂਰਾਜ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅੱਧ ਮਾਘ ਤੋਂ ਮਗਰੋਂ ਆਈ ਬਹਾਰ ਦੀ ਰੁੱਤ ਬਸੰਤ ਦੀ ਆਮਦ ਨਾਲ ਵਾਤਾਵਰਨ ਵਿਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ। ਸਰਦ ਰੁੱਤ ਨੂੰ ਅਲਵਿਦਾ ਕਹਿ ਮੌਸਮ ਗਰਮ ਰੁੱਤ ਵੱਲ ਵਧਣ ਲੱਗਦਾ ਹੈ। ਇਸ ਬਸੰਤ ਰੁੱਤ ਦੀ ਆਮਦ ਨਾਲ ਫੁੱਲ-ਬੂਟਿਆਂ ’ਤੇ ਨਿਖਾਰ ਆਉਣ ਨਾਲ ਚੌਗਿਰਦਾ ਵੀ ਮਹਿਕ ਉੱਠਦਾ ਹੈ ਅਤੇ ਕੁਦਰਤ ਚਾਰੇ ਪਾਸੇ ਮਨਮੋਹਕ ਦਿ੍ਰਸ਼ ਪੇਸ਼ ਕਰਦੀ ਨਜ਼ਰ ਆਉਦੀ ਹੈ। ਖੇਤਾਂ ਵਿੱਚ ਫ਼ਸਲਾਂ ਵਾਤਾਵਰਨ ’ਚ ਆਪਣੀ ਖ਼ੂਬਸੂਰਤੀ ਵਿਛਾ ਰਹੀਆਂ ਹੁੰਦੀਆਂ ਹਨ। ਸਰ੍ਹੋਂ ਦੀ ਫ਼ਸਲ ‘ਆਈ ਬਸੰਤ ਪਾਲਾ ਉਡੰਤ’ ਦਾ ਸੁਨੇਹਾ ਦਿੰਦੀ ਜਾਪਦੀ ਹੈ। ਹਰੀਆਂ ਕਣਕਾਂ ਬਦਲਦੇ ਮੌਸਮ ’ਚ ਸੋਨੇ ਰੰਗੀ ਹੋਣ ਲਈ ਝੂਮਦੀਆਂ ਨਜ਼ਰੀ ਆਉਦੀਆਂ ਹਨ। ਪ੍ਰਾਚੀਨ ਭਾਰਤ ਵਿੱਚ ਪੂਰੇ ਸਾਲ ਨੂੰ ਜਿਨ੍ਹਾਂ ਛੇ ਰੁੱਤਾਂ ਵਿੱਚ ਵੰਡਿਆ ਜਾਂਦਾ ਸੀ ਉਨ੍ਹਾਂ ਵਿੱਚ ਬਸੰਤ ਰੁੱਤ ਨੂੰ ਸਭ ਤੋਂ ਖ਼ੂਬਸੂਰਤ ਮੰਨਿਆ ਜਾਂਦਾ ਸੀ ਕਿਉ ਕਿ ਇਸ ਰੁੱਤ ਦੀ ਆਮਦ ਨਾਲ ਫੁੱਲਾਂ ’ਤੇ ਬਹਾਰ, ਅੰਬਾਂ ’ਤੇ ਬੂਰ, ਕਣਕਾਂ ਦਾ ਨਿਸਰਨਾ ਅਤੇ ਸਰੋਂ੍ਹ ਦੇ ਖਿੜੇ ਹੋਏ ਪੀਲੇ ਫੁੱਲ ਮਨਮੋਹਕ ਨਜ਼ਾਰਾ ਪੇਸ਼ ਕਰ ਕੁਦਰਤ ਦਾ ਸ਼ੁਕਰਾਨਾ ਕਰਦੇ ਜਾਪਦੇ ਹਨ। ਬਸੰਤ ਪੰਚਮੀ ਦੇ ਤਿਉਹਾਰ ਨੂੰ ਧਾਰਮਿਕ ਤੌਰ ’ਤੇ ਸਿੱਖ ਇਤਿਹਾਸ ’ਚ ਖ਼ਾਸ ਮਹੱਤਵ ਦਿੱਤਾ ਜਾਂਦਾ ਹੈ। ਧਾਰਮਿਕ ਅਸਥਾਨਾਂ ’ਤੇ ਇਹ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ’ਤੇ ਹਰ ਸਾਲ ਗੁਰਦਵਾਰਾ ਸ਼੍ਰੀ ਛੇਹਰਟਾ ਸਾਹਿਬ ਬੜਾ ਭਾਰੀ ਮੇਲਾ ਲੱਗਦਾ ਹੈ। ਛੇਹਰਟਾ ਜ਼ਿਲ੍ਹਾ ਸ੍ਰੀ ਅੰਮਿ੍ਰਤਸਰ ਸਾਹਿਬ ਦਾ ਇੱਕ ਇਤਿਹਾਸਿਕ ਕਸਬਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮਿ੍ਰਤਸਰ ਦੀ ਧਰਤੀ ’ਤੇ ਛੇ ਹਰਟਾਂ ਵਾਲਾ ਖੂਹ ਲਗਵਾਇਆ, ਜਿੱਥੋਂ ਇਸ ਦਾ ਨਾਮ ਛੇਹਰਟਾ ਪੈ ਗਿਆ। ਇਸ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲੀ ਵਾਰ ਆਪਣੇ ਜਨਮ ਸਥਾਨ ਤੋਂ ਸ੍ਰੀ ਅੰਮਿ੍ਰਤਸਰ ਦੀ ਧਰਤੀ ’ਤੇ ਪਹੁੰਚੇ ਉਹ ਦਿਨ ਪਹਿਲੀ ਵਾਰ ਗੁਰਦਵਾਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਬਸੰਤ ਪੰਚਮੀ ਦਾ ਮੇਲਾ ਭਰਿਆ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ਵਿਖੇ ਬਸੰਤ ਪੰਚਮੀ ਦਾ ਮੇਲਾ ਲੱਗਦਾ ਹੈ। ਇਹ ਗੁਰਦੁਆਰਾ ਸਾਹਿਬ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਜੋ ਅੱਜ-ਕੱਲ ਪਟਿਆਲਾ ਸ਼ਹਿਰ ’ਚ ਹੈ ਪੁਰਾਤਨ ਸਮੇਂ ਇਹ ਪਿੰਡ ਲਹਿਲ ਸੀ ਤੇ ਉਥੋਂ ਦੇ ਲੋਕ ਲੰਮੇ ਅਰਸੇ ਤੋਂ ਕਈ ਬਿਮਾਰੀਆਂ ਤੋਂ ਪੀੜ੍ਹਤ ਸਨ। ਲਹਿਲ ਪਿੰਡ ਦੇ ਲੋਕਾਂ ਨੇ ਗੁਰੂ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਉਹ ਲਹਿਲ ਪਿੰਡ ਵਿੱਚ ਸੰਗਤਾਂ ਨੂੰ ਦਰਸ਼ਨ ਦੇਣ ਤਾਂ ਜੋ ਉੱਥੋਂ ਦੇ ਲੋਕਾਂ ਦੀਆਂ ਬਿਮਾਰੀਆਂ ਠੀਕ ਹੋ ਜਾਣ। ਗੁਰੂ ਜੀ ਪਿੰਡ ਵਿੱਚ ਪਹੁੰਚੇ ਅਤੇ ਇੱਕ ਛੱਪੜ ਦੇ ਨੇੜੇ ਇੱਕ ਬੋਹੜ ਦੇ ਦਰੱਖ਼ਤ ਥੱਲੇ ਬੈਠ ਗਏ ਤੇ ਪਿੰਡ ਦੇ ਲੋਕਾਂ ਦੀ ਬੀਮਾਰੀ ਠੀਕ ਹੋਣ ਲੱਗੀ।ਜਿਸ ਅਸਥਾਨ ’ਤੇ ਗੁਰੂ ਤੇਗ ਬਹਾਦੁਰ ਸਾਹਿਬ ਬੈਠੇ ਸਨ, ਉਸ ਅਸਥਾਨ ਨੂੰ ਦੁਖ ਨਿਵਾਰਨ ਵਜੋਂ ਜਾਣਿਆ ਜਾਣ ਲੱਗਾ। ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਇਸ ਅਸਥਾਨ ’ਤੇ ਪੰਚਮੀ ਦਾ ਦਿਹਾੜਾ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾਂਦਾ ਹੈ।
ਬਸੰਤ ਪੰਚਮੀ ਦਾ ਇਤਿਹਾਸ:- ਵਿੱਚ ਮਨਾਏ ਜਾਣ ਵਾਲਾ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ। ਇਸਨੂੰ ਕਈ ਲੋਕ ਸਰਸਵਤੀ ਪੂਜਾ ਜਾਂ ਸ਼੍ਰੀਪੰਚਮੀ ਵੀ ਕਹਿੰਦੇ ਹਨ ਅਤੇ ਵੇਦਾਂ ਵਿੱਚ ਇਸਨੂੰ ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। ਬਹਾਰ ਰੁੱਤ ਨਾਲ਼ ਸੰਬੰਧਿਤ ਇਹ ਪ੍ਰਸਿੱਧ ਤਿਉਹਾਰ ਜੋ ਮਾਘ ਦੇ ਸੁਦੀ ਪੰਜ ਨੂੰ ਸਾਰੇ ਪੰਜਾਬ ਵਿੱਚ ਬੜੇ ਚਾਅ ਤੇ ਮਲਾਹ ਨਾਲ਼ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਤੋਂ ਬਹਾਰ ਰੁੱਤ ਦਾ ਅਨੁਮਾਨ ਲਗਾਇਆ ਜਾਂਦਾ ਹੈ। ਇਹ ਤਿਉਹਾਰ ਮੁੱਢ ਕਦੀਮ ਤੋਂ ਚੱਲਿਆ ਆ ਰਿਹਾ ਹੈ। ਸਾਡੇ ਵਡਿੱਕਿਆਂ ਵਿੱਚ ਇਹ ਤਿਉਹਾਰ ‘ਸੁਵੰਨਤਾ’ ਦੇ ਨਾਂ ਨਾਲ਼ ਪ੍ਰਸਿੱਧ ਸੀ। ਉਹ ਇਸ ਮੌਕੇ ਉੱਤੇ ਕਾਮ ਦੇਵ ਦੀ ਉਪਾਸਨਾ ਕਰਦੇ ਅਤੇ ਗੁਲਾਬੀ ਰੰਗ ਦੇ ਕੱਪੜੇ ਪਹਿਨ ਕੇ ਟੋਲੀਆਂ ਵਿੱਚ ਤੇ ਗਾਉਂਦੇ ਸਨ। ਅੱਜ ਕੱਲ੍ਹ ਬਸੰਤ ਵਾਲ਼ੇ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ ਹੈ। ਬਸੰਤ ਦੇ ਆਗਮਨ ਦੇ ਨਾਲ਼ ਸਾਰੇ ਪੰਜਾਬ ਦੇ ਵਿੱਚ ਨਵੀਂ ਜ਼ਿੰਦਗੀ ਧੜਕ ਉੱਠਦੀ ਹੈ। ਥਾਂ ਥਾਂ ਤੇ ਪਿੰਡਾਂ ਵਿੱਚ ਨਿੱਕੇ ਵੱਡੇ ਮੇਲੇ ਲੱਗਦੇ ਹਨ ਤੇ ਲੋਕੀਂ ਸਰ੍ਹੋਂ ਦੇ ਫੁੱਲ ਵਾਂਗ ਖਿੜ ਕੇ ਇਨ੍ਹਾਂ ਮੇਲਿਆਂ ਦੀ ਰੌਣਕ ਵਧਾਉਂਦੇ ਹਨ। ਪਟਿਆਲ਼ੇ ਤੇ ਛਿਹਰਟੇ ਦੀ ਬਸੰਤ ਪੰਚਮੀ ਖ਼ਾਸ ਤੌਰ 'ਤੇ ਪ੍ਰਸਿੱਧ ਹੈ। ਦੇਸ਼ ਵੰਡ ਤੋਂ ਪਹਿਲਾਂ ਬਸੰਤ ਪੰਚਮੀ ਦਾ ਇੱਕ ਵੱਡਾ ਮੇਲਾ ਹਕੀਕਤ ਰਾਏ ਦੀ ਸਮਾਧ ਉੱਤੇ ਲਾਹੌਰ ਵਿੱਚ ਲੱਗਿਆ ਕਰਦਾ ਸੀ। ਧਰਮੀ ਹਕੀਕਤ ਰਾਏ ਬਸੰਤ ਪੰਚਮੀ ਵਾਲ਼ੇ ਦਿਨ ਲਾਹੌਰ ਵਿੱਚ ਮੁਗ਼ਲ ਹਾਕਮਾਂ ਦੇ ਤੁਅੱਸਬ ਦਾ ਸ਼ਿਕਾਰ ਹੋਇਆ ਸੀ ਅਤੇ ਉਸ ਨੇ ਇਸਲਾਮ ਮੱਤ ਗ੍ਰਹਿਣ ਕਰਨ ਦੀ ਥਾਂ ਸ਼ਹੀਦ ਹੋਣਾ ਵਧੇਰੇ ਪਸੰਦ ਕੀਤਾ। ਭਾਵੇਂ ਇਹ ਮੇਲਾ ਨਿਰੋਲ ਮੌਸਮੀ ਸੀ। ਪਰ ਹਕੀਕਤ ਰਾਏ ਦੀ ਸ਼ਹੀਦੀ ਨੇ ਇਸ ਨਾਲ਼ ਧਾਰਮਿਕ ਅਤੇ ਇਤਿਹਾਸਕ ਭਾਵਨਾ ਵੀ ਜੋੜ ਦਿੱਤੀ। ਬਸੰਤ ਪੰਚਮੀ ਨੂੰ ਲੋਕੀਂ ਆਪਣੀ ਦਿਲਾਂ ਦਾ ਹੁਲਾਸ ਪਤੰਗਾਂ ਉਡਾ ਕੇ ਕਰਦੇ ਹਨ। ਉਸ ਦਿਨ ਸਾਰਾ ਆਕਾਸ਼ ਰੰਗ ਬਰੰਗੀਆਂ ਹਵਾ ਵਿੱਤ ਤਰਦੀਆਂ ਤੇ ਨ੍ਰਿਤ ਕਰਦੀਆਂ ਗੁੱਡੀਆਂ ਨਾਲ਼ ਭਰ ਜਾਂਦਾ ਹੈ। ਇੱਕ ਦਿਨ ਆਕਾਸ਼ ਇੱਕ ਅਥਾਹ ਰੰਗਮੰਚ ਲੱਗਦਾ ਹੈ, ਜਿਸ ਤੇ ਵੰਨ ਸੁਵੰਨੀਆਂ ਗੁੱਡੀਆਂ ਦੇ ਰੂਪ ਵਿੱਚ ਪੰਜਾਬੀਆਂ ਦੇ ਮਨ ਤਰੰਗਿਤ ਹੋਇਆ ਅਠਖੇਲੀਆਂ ਭਰ ਰਿਹਾ ਹੁੰਦਾ ਹੈ। ਬਸੰਤ ਪੰਚਮੀ ਵਾਲ਼ੇ ਦਿਨ ਤੀਵੀਆਂ ਬਸੰਤੀ ਕੱਪੜੇ ਪਹਿਨ ਕੇ ਗਿੱਧਾ ਪਾਉਂਦੀਆਂ ਤੇ ਗੀਤ ਗਾਉਂਦੀਆਂ ਹਨ। ਬਸੰਤ ਪੰਚਮੀ ਦੇ ਗਿੱਧੇ ਨੂੰ ‘ਬਸੰਤੀ ਗਿੱਧਾ’ ਕਿਹਾ ਜਾਂਦਾ ਹੈ। ਬਸੰਤ ਪੰਚਮੀ ਰੁੱਤਾਂ ਦੀ ਤਬਦੀਲੀ ਨਾਲ਼ ਸੰਬੰਧਿਤ ਇੱਕ ਪਰਬ ਹੈ ਜੋ ਮਾਘ ਸੁਦੀ ਪੰਜਵੀਂ ਨੂੰ ਸਾਰੇ ਪੰਜਾਬ ਵਿੱਚ ਧੂਮ ਧਾਮ ਨਾਲ਼ ਮਨਾਇਆ ਜਾਂਦਾ ਹੈ। ‘ ਆਈ ਬਸੰਤ ਪਾਲ਼ਾ ਉਡੰਤ’ ਬਸੰਤ ਆਉਣ ਨਾਲ਼ ਪਾਲ਼ਾ ਖ਼ਤਮ ਹੋਣਾ ਆਰੰਭ ਹੋ ਜਾਂਦਾ ਹੈ ਅਤੇ ਬਹਾਰ ਆ ਜਾਂਦੀ ਹੈ। ਬਸੰਤ ਸਦਾ ਦੀਵਾਲੀ ਸਾਧ ਦੀ ਅੱਠੋਂ ਪਹਿਰ ਬਸੰਤ ਦੀ ਉਕਤੀ ਬਸੰਤ ਰੁੱਤ ਦੀ ਖ਼ੁਸ਼ੀਆਂ ਖੇੜਿਆਂ ਨਾਲ਼ ਜੁੜੇ ਰਹਿਣ ਦਾ ਸੰਕੇਤ ਦਿੰਦੀ ਹੈ। ਭਾਰਤ ਵਿੱਚ ਛੇ ਰੁੱਤਾਂ ਮੰਨੀਆਂ ਜਾਂਦੀਆਂ ਹਨ। ਉਹਨਾਂ ਵਿੱਚੋਂ ਬਸੰਤ ਰੁੱਤ ਨੂੰ ਰਿਤੂ ਰਾਜ ਕਿਹਾ ਜਾਂਦਾ ਹੈ ਕਿਉਂਕਿ ਬਸੰਤ ਰੁੱਤ ਸਭ ਰੁੱਤਾਂ ਤੋਂ ਉੱਤਮ ਗਿਣੀ ਜਾਂਦੀ ਹੈ। ਇਹ ਰੁੱਤ ਚੇਤ ਤੇ ਵਿਸਾਖ ਦੇ ਮਹੀਨੇ ਹੀ ਰਹਿੰਦੀ ਹੈ। ਮਜ਼ੇ ਦੀ ਗੱਲ ਇਹ ਹੈ ਕਿ ਬਸੰਤ ਪੰਚਮੀ ਮਹੀਨਾ ਪੈਂਤੀ ਕੁ ਦਿਨ ਪਹਿਲਾਂ ਹੀ ਆ ਜਾਂਦੀ ਹੈ। ਇਸ ਸੰਬੰਧ ਇਹ ਕਥਾ ਇਉਂ ਪ੍ਰਚੱਲਿਤ ਹੈ। ਇੱਕ ਵਾਰ ਰੁੱਤਾਂ ਨੇ ਰਿਤੂ ਰਾਜ ਬਸੰਤ ਦਾ ਅਭਿਨੰਦਨ ਕੀਤਾ ਅਤੇ ਆਪਣੇ ਵੱਲੋਂ ਹਰੇਕ ਨੇ ਆਪਣੀ ਉਮਰ ਦੇ ਅੱਠ ਦਿਨ ਬਣਦੇ ਹਨ ਤੇ ਇੱਕ ਮਾਘ ਸ਼ੁਕਲ ਪੰਜਵੀਂ ਅਤੇ ਚੇਤ ਵਦੀ ਪਹਿਲੀ ਵਿੱਚ ਇਤਨੇ ਹੀ ਦਿਨ ਆਉਂਦੇ ਹਨ।