ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 25 ਫਰਵਰੀ
ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਨੂੰ ਜ਼ੋਰਦਾਰ ਹੁੰਗਾਰਾ ਭਰਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਧਨੇਰ) ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਨੇ ਜ਼ਿਲ੍ਹੇ ਅੰਦਰੋਂ ਲੰਘਦੇ ਵੱਖ ਵੱਖ ਹਾਈਵੇਜ਼ ਉੱਪਰ ਟਰੈਕਟਰਾਂ ਦੀਆਂ ਮੀਲਾਂ ਲੰਮੀਆਂ ਲਾਈਨਾਂ ਲਾ ਦਿੱਤੀਆਂ ਅਤੇ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੂਕੇ। ਵੱਖ ਵੱਖ ਥਾਵਾਂ ’ਤੇ ਪੁਤਲੇ ਫੂਕਣ ਸਮੇਂ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ, ਸੀਨੀਅਰ ਮੀਤ ਪ੍ਰਧਾਨ ਹਰਮੰਡਲ ਸਿੰਘ ਜੋਧਪੁਰ, ਜ਼ਿਲ੍ਹਾ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਬਰਨਾਲਾ ਬਲਾਕ ਦੇ ਪ੍ਰਧਾਨ ਬਾਬੂ ਸਿੰਘ ਖੁੱਡੀਕਲਾਂ, ਮਹਿਲਕਲਾਂ ਬਲਾਕ ਦੇ ਪ੍ਰਧਾਨ ਨਾਨਕ ਸਿੰਘ, ਸ਼ਹਿਣਾ ਬਲਾਕ ਦੇ ਪ੍ਰਧਾਨ ਭੋਲਾ ਸਿੰਘ ਛੰਨਾ ਅਤੇ ਸ਼ਹਿਣਾ ਬਲਾਕ ਦੇ ਜਨਰਲ ਸਕੱਤਰ ਕਾਲਾ ਜੈਦ ਨੇ ਕਿਹਾ ਕਿ ਅੱਜ ਯਾਨੀ 26 ਫਰਵਰੀ ਤੋਂ 28 ਫਰਵਰੀ ਤੱਕ ਆਬੂਧਾਬੀ ਵਿਖੇ ਵਿਸ਼ਵ ਵਪਾਰ ਸੰਸਥਾ ਦੀ ਕਾਨਫਰੰਸ ਹੋ ਰਹੀ ਹੈ।
ਜਿੱਥੇ ਕੁੱਲ ਦੁਨੀਆਂ ਦੀਆਂ ਕਰਪੋਰੇਟੀ ਖੂਨ-ਪੀਣੀਆਂ ਜੋਕਾਂ ਇਕੱਠੀਆਂ ਹੋ ਕੇ ਕਿਰਤੀ ਲੋਕਾਂ ਦਾ ਖੂਨ ਚੂਸਣ ਦੀਆਂ ਸਕੀਮਾਂ ਘੜਨਗੀਆਂ। ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਨੂੰ ਖ਼ਤਮ ਕਰਨ, ਸਭ ਦੇਸ਼ਾਂ ਦੀਆਂ ਖੇਤੀ ਪੈਦਾਵਾਰ ਲਈ ਮੰਡੀਆਂ ਤੱਕ ਬਹੁ-ਕੌਮੀ ਕੰਪਨੀਆਂ ਦੀ ਟੈਕਸ ਮੁਕਤ ਰਸਾਈ ਕਰਨ ਅਤੇ ਅਜ਼ਾਦ ਮੁਕਾਬਲੇਬਾਜ਼ੀ ਦੀ ਖੁੱਲ੍ਹ ਦੇਣ ਵਾਲੀਆਂ ਨੀਤੀਆਂ ਬਣਾਉਣ ਲਈ ਸਭ ਦੇਸ਼ਾਂ ਨੂੰ ਮਜ਼ਬੂਰ ਕਰਨਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਸਾਮਰਾਜੀ ਦੇਸ਼ਾਂ ਦੇ ਕਿਸਾਨ ਨੂੰ ਸਾਡੇ ਨਾਲੋਂ ਸੈਂਕੜੇ ਗੁਣਾਂ ਵੱਧ ਸਬਸਿਡੀਆਂ ਮਿਲਦੀਆਂ ਹਨ ਉਸ ਹਾਲਤ ਵਿੱਚ ਸਾਡਾ ਇੱਕ ਗਰੀਬ ਕਿਸਾਨ ਮੰਡੀ ਵਿੱਚ ਉਸ ਦਾ ਮੁਕਾਬਲਾ ਕਿਵੇਂ ਕਰ ਸਕੇਗਾ? ਇਸ ਤੋਂ ਵੀ ਅੱਗੇ ਕਾਰਪੋਰੇਟ ਲੁਟੇਰੇ ਚਾਹੁੰਦੇ ਹਨ ਕਿ ਸਾਡੇ ਦੇਸ਼ ਭਾਰਤ ਵਿੱਚ ਕਿਸਾਨਾਂ ਨੂੰ ਮਿਲਦੀਆਂ ਨਿਗੂਣੀਆਂ ਸਬਸਿਡੀਆਂ ਵੀ ਬੰਦ ਕਰ ਦਿੱਤੀਆਂ ਜਾਣ। ਜੇ ਅਜਿਹਾ ਹੋ ਗਿਆ ਤਾਂ ਭਾਰਤ ਵਿੱਚ ਖੇਤੀ-ਕਿਸਾਨੀ ਦਾ ਖ਼ਾਤਮਾ ਹੋ ਜਾਵੇਗਾ।
ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਭਾਰਤ, ਸੰਸਾਰ ਵਪਾਰ ਸੰਸਥਾ (WTO) ਵਿੱਚੋਂ ਬਾਹਰ ਆਵੇ। ਇਸ ਟਰੈਕਟਰ ਪਰੇਡ ਅਗਵਾਈ ਕਰਨ ਅਤੇ ਥਾਂ ਥਾਂ ’ਤੇ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੂਕਣ ਸਮੇਂ ਜ਼ਿਲ੍ਹਾ ਆਗੂ ਰਾਮ ਸਿੰਘ ਸ਼ਹਿਣਾ, ਸਤਨਾਮ ਸਿੰਘ ਮੂੰਮ, ਕੁਲਵੰਤ ਸਿੰਘ ਹੰਡਿਆਇਆ, ਅਮਨਦੀਪ ਸਿੰਘ ਟਿੰਕੂ, ਮਾਸਟਰ ਸਤਨਾਮ ਸਿੰਘ ਬਰਨਾਲਾ, ਜਰਨੈਲ ਸਿੰਘ ਖੁੱਡੀਕਲਾਂ, ਬਲਵੀਰ ਸਿੰਘ ਮਾਂਗੇਵਾਲ, ਜੱਗਾ ਸਿੰਘ ਮਹਿਲਕਲਾਂ, ਜਸਵੰਤ ਸਿੰਘ ਹੰਡਿਆਇਆ, ਬਲਵੰਤ ਸਿੰਘ ਠੀਕਰੀਵਾਲ ਆਦਿ ਆਗੂ ਹਾਜ਼ਰ ਸਨ।
ADVERTISEMENT
ADVERTISEMENT
ADVERTISEMENT