ਬੀਬੀਐਨ ਨੈੱਟਵਰਕ ਪੰਜਾਬ,ਪਟਿਆਲਾ ਬਿਊਰੋ, 12 ਮਾਰਚ
ਪਟਿਆਲਾ ਲੋਕ ਸਭਾ ਹਲਕਾ ਕਾਂਗਰਸ ਦਾ ਗੜ੍ਹ ਰਿਹਾ ਹੈ। 1971 ਤੋਂ 2019 ਤੱਕ 13 ਵਾਰ ਹੋਈ ਚੋਣ ਵਿਚ ਕਾਂਗਰਸ ਪਾਰਟੀ ਨੇ ਸਭ ਤੋਂ ਵੱਧ ਸੱਤ ਵਾਰ ਜਿੱਤ ਹਾਸਿਲ ਕੀਤੀ ਹੈ। ਜਦੋਂਕਿ ਸ੍ਰੋਮਣੀ ਅਕਾਲੀ ਦਲ ਨੇ ਚਾਰ ਵਾਰ ਇਹ ਸੀਟ ਜਿੱਤੀ। ਇਸਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਇਕ ਵਾਰ ਤੇ ਇਕ ਵਾਰ ਆਜ਼ਾਦ ਉਮੀਦਵਾਰ ਵੀ ਪਟਿਆਲਾ ਹਲਕਾ ਜਿੱਤਣ ਵਿਚ ਸਫਲ ਰਿਹਾ ਹੈ। 1971 ਵਿਚ ਹੋਈ ਪਹਿਲੀ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਸਤਪਾਲ ਨੇ ਜਿੱਤ ਹਾਸਲ ਕੀਤੀ। ਕਾਂਗਰਸੀ ਆਗੂ ਸਤਪਾਲ ਨੇ 47.87 ਫੀਸਦ ਕੁੱਲ ਵੋਟਾਂ ਹਾਸਲ ਕਰਕੇ ਅਕਾਲੀ ਦਲ ਦੇ ਉਮੀਦਵਾਰ ਗਿਆਨ ਸਿੰਘ ਨੂੰ ਹਰਾਇਆ ਸੀ। ਸਾਲ 1980 ਵਿਚ ਕੈਪਟਨ ਅਰਮਿੰਦਰ ਸਿੰਘ ਨੇ ਕਾਂਗਰਸ ਦੀ ਟਿਕਟ ’ਤੇ ਚੋਣ ਲੜਦਿਆਂ ਪਹਿਲੀ ਵਾਰ ਚੋਣ ਜਿੱਤੀ। ਕੈਪਟਨ ਅਮਰਿੰਦਰ ਸਿੰਘ ਨੇ 56 ਫੀਸਦ ਤੋਂ ਵੱਧ ਵੋਟਾਂ ਨਾਲ ਵੱਡੀ ਜਿੱਤ ਹਾਸਿਲ ਕੀਤੀ ਸੀ। 1992 ਵਿਚ ਕਾਂਗਰਸ ਦੇ ਉਮੀਦਵਾਰ ਸੰਤ ਰਾਮ ਸਿੰਗਲਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਬਣੇ। ਜਦੋਂਕਿ ਪ੍ਰਨੀਤ ਕੌਰ ਨੇ ਸਭ ਤੋਂ ਵੱਧ ਚਾਰ ਵਾਰ ਲੋਕ ਸਭਾ ਸੀਟ ਕਾਂਗਰਸ ਦੀ ਝੋਲੀ ਪਾਈ ਹੈ।