ਬੀਬੀਐਨ ਨੈੱਟਵਰਕ ਪੰਜਾਬ, ਸ੍ਰੀ ਮੁਕਤਸਰ ਸਾਹਿਬ ਬਿਊਰੋ, 12 ਮਾਰਚ
ਝਾੜੂੁ ਵਾਲਿਆਂ ਨੇ ਐਨਾ ਝੂਠ ਬੋਲਿਆ, ਐਨਾ ਗੁਮਰਾਹ ਕੀਤਾ ਕਿ ਅੱਜ ਪੰਜਾਬ ਨੂੰ ਤਬਾਹ ਕਰ ਦਿੱਤਾ। ਅੱਜ ਗੈਂਗਸਟਰ ਰਾਜ ਕਰ ਰਿਹਾ। ਨਸ਼ਾ ਘਰ-ਘਰ ਵੇਚਣ ਲਾ ਦਿੱਤਾ। ਰੇਤ ਮਾਫ਼ੀਆ ਬਣੇ ਫਿਰਦੇ ਐ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ‘ਪੰਜਾਬ ਬਚਾਓ ਯਾਤਰਾ’ ਦੀ ਅਗਵਾਈ ਕਰਦੇ ਹੋਏ ਪਿੰਡ ਦੋਦਾ ਵਿਖੇ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਨੌਜਵਾਨ ਆਗੂ ਅਭੈ ਢਿੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇੱਥੇ ਪਹੁੰਚਣ ’ਤੇ ਇਸਤਰੀ ਸ਼ੋ੍ਰਮਣੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਬੱਬੂ ਬਰਾੜ ਵੱਲੋਂ ਆਪਣੀਆਂ ਸਾਥੀ ਔਰਤਾਂ ਸਮੇਤ ਨਿੱਘਾ ਸਵਾਗਤ ਕਰਦਿਆਂ ਸਿਰਪਾਓ ਪਾ ਕੇ ਸ੍ਰੀ ਸਾਹਿਬ ਦੇ ਕੇ ਜੀ ਆਇਆਂ ਆਖਿਆ। ਇਸ ਮੌਕੇ ਇਕੱਤਰ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਿੱਦੜਬਾਹਾ ਹਲਕਾ ਖ਼ਾਸ ਕਰਕੇ ਦੋਦਾ ਜੈਲ ਦੇ ਪਿੰਡ ਉਨ੍ਹਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਜਨਮ ਭੂਮੀ ਹੈ। ਸੂਬੇ ਦਾ ਸਭ ਤੋਂ ਵੱਧ ਵਿਕਾਸ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਹੋਇਆ, ਪਰ ਅਫ਼ਸੋਸ ਕਿ ਉਨ੍ਹਾਂ ਦੀ ਸਰਕਾਰ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਪੰਜਾਬ ਵਿਚ ਆਈਆਂ ਸਭ ਨੇ ਸੂਬੇ ਦੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ।