ਬੀਬੀਐਨ ਨੈੱਟਵਰਕ ਪੰਜਾਬ, ਲੁਧਿਆਣਾ ਬਿਊਰੋ, 11 ਮਾਰਚ
ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਪੁਲਿਸ ਨੇ ਉਨ੍ਹਾਂ ਦੇ ਰੋਜ਼ ਗਾਰਡਨ ਨੇੜੇ ਸਥਿਤ ਸਰਕਾਰੀ ਘਰ ਵਿਖੇ ਨਜਰਬੰਦ ਕੀਤਾ ਹੈ। ਬਿੱਟੂ ਵੱਲੋਂ ਸ਼ਹੀਦ ਊਧਮ ਸਿੰਘ ਦੇ ਨਾਮ ਤੇ ਲਗਭਗ 2 ਏਕੜ ਥਾਂ ਵਿੱਚ ਲਗਭਗ 5 ਕਰੋੜ ਰੁਪਏ ਦੀ ਲਾਗਤ ਨਾਲ ਚੰਡੀਗੜ੍ਹ ਰੋਡ ਤੇ ਡਵੀਜ਼ਨ ਨੰਬਰ 7 ਦੇ ਨਾਲ ਵਰਧਮਾਨ ਮਿਲ ਦੇ ਪਿੱਛੇ ਤਿਆਰ ਕੀਤੇ ਗਏ ਕਮਿਊਨਿਟੀ ਸੈਂਟਰ ਦਾ ਅੱਜ ਦੁਪਹਿਰ 12 ਵਜੇ ਉਦਘਾਟਨ ਕਰਨ ਦਾ ਐਲਾਨ ਕੀਤਾ ਸੀ।ਇਹ ਸੁਨੇਹਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਵੱਲੋਂ ਦਿੱਤਾ ਗਿਆ ਸੀ। ਬਿੱਟੂ ਨੂੰ ਉਦਘਾਟਨ ਕਰਨ ਤੋਂ ਰੋਕਣ ਲਈ ਪੁਲਿਸ ਨੇ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਦਫਤਰ ਨੂੰ ਤਾਲਾ ਲਾਉਣ ਦੇ ਵਿਰੋਧ ਵਿੱਚ ਪੁਲਿਸ ਵੱਲੋਂ ਉਹਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਬਿੱਟੂ ਨੂੰ ਆਪਣੇ ਸਾਥੀ ਕਾਂਗਰਸੀਆਂ ਨਾਲ ਇੱਕ ਦਿਨ ਜੇਲ੍ਹ ਵੀ ਕੱਟਣੀ ਪਈ ਸੀ।