ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 13 ਮਾਰਚ
ਥਾਣਾ ਡੀ ਡਵੀਜ਼ਨ ਦੀ ਪੁਲਿਸ ਵੱਲੋਂ ਗਿ੍ਰਫ਼ਤਾਰ ਕੀਤੇ ਗਏ ਨਕਲੀ ਫ਼ੌਜੀ ਸੰਦੀਪ ਸਿੰਘ ਵਾਸੀ ਪਿੰਡ ਚੀਕਾ ਆਨੰਦਪੁਰ ਸਾਹਿਬ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਸ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਉਸ ਦਾ ਆਈਐੱਸਆਈ ਨਾਲ ਕੋਈ ਸਬੰਧ ਹੈ ਕਿਉਂਕਿ ਉਹ ਕਈ ਵਾਰ ਰੁੜਕੀ ਆਰਮੀ ਕੈਂਟ, ਜੰਮੂ ਆਰਮੀ ਕੈਂਟ ਅਤੇ ਅੰਮ੍ਰਿਤਸਰ ਆਰਮੀ ਕੈਂਟ ਜਾ ਚੁੱਕਾ ਹੈ। ਉਹ ਕਿਸ ਮਕਸਦ ਨਾਲ ਇੱਥੇ ਗਿਆ ਸੀ, ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਮੁਲਜ਼ਮ ਤੋਂ ਤਿੰਨ ਦਿਨਾਂ ਤੱਕ ਪੁੱਛਗਿੱਛ ਕਰੇਗੀ। ਪੁਲਿਸ ਜਾਂਚ ਵਿਚ ਆਰਮੀ ਇੰਟੈਲੀਜੈਂਸ ਦੀ ਵੀ ਮਦਦ ਲਈ ਜਾ ਰਹੀ ਹੈ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਜੰਮੂ-ਕਸ਼ਮੀਰ ਵਿਚ ਜੇਸੀਬੀ ਡਰਾਈਵਰ ਵਜੋਂ ਕੰਮ ਕਰਦਾ ਹੈ। ਪੁਲਿਸ ਨੇ ਕਈ ਸੀਸੀਟੀਵੀ ਫੁਟੇਜ ਵੀ ਬਰਾਮਦ ਕੀਤੇ ਹਨ, ਜਿਸ ਵਿਚ ਉਹ ਵਰਦੀ ਪਾ ਕੇ ਆਰਮੀ ਕੈਂਟ ਇਲਾਕੇ ਵਿਚ ਪਹੁੰਚਿਆ ਸੀ। ਪੁਲਿਸ ਨੇ ਮੁਲਜ਼ਮ ਦਾ ਮੋਬਾਈਲ ਫ਼ੋਨ ਵੀ ਜ਼ਬਤ ਕਰ ਲਿਆ ਹੈ ਅਤੇ ਉਸ ਦੇ ਮੋਬਾਈਲ ਫ਼ੋਨ ਦੀ ਜਾਂਚ ਕੀਤੀ ਜਾ ਰਹੀ ਹੈ। ਉਹ ਜਿਨ੍ਹਾਂ ਲੋਕਾਂ ਦੇ ਸੰਪਰਕ ’ਚ ਹੈ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਏਡੀਸੀਪੀ-1 ਡਾ. ਦਰਪਨ ਆਹਲੂਵਾਲੀਆ ਦਾ ਕਹਿਣਾ ਹੈ ਕਿ ਮੁਲਜ਼ਮ ਤਿੰਨ ਦਿਨਾਂ ਦੇ ਰਿਮਾਂਡ ’ਤੇ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਕੋਲੋਂ ਹਰ ਪਹਿਲੂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਵੱਲੋਂ ਵਰਦੀਆਂ ਕਿਸ ਮਕਸਦ ਲਈ ਖ਼ਰੀਦੀਆਂ ਗਈਆਂ ਸਨ, ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਇਹ ਵਰਦੀਆਂ ਦੇਹਰਾਦੂਨ ਤੋਂ ਖਰੀਦੀਆਂ ਸਨ। ਮੁਲਜ਼ਮ ਫ਼ੌਜ ਦੀ ਵਰਦੀ ਪਾ ਕੇ ਗੋਲਬਾਗ ਨੇੜੇ ਘੁੰਮ ਰਿਹਾ ਹੈ। ਇਸ ਦੇ ਅਧਾਰ ’ਤੇ ਜਦੋਂ ਪੁਲਿਸ ਨੇ ਨਾਕਾਬੰਦੀ ਕੀਤੀ ਤਾਂ ਇਸ ਨੂੰ ਰੋਕ ਲਿਆ ਗਿਆ। ਉਸ ਕੋਲੋਂ ਉਸ ਦਾ ਪਛਾਣ ਪੱਤਰ ਮੰਗਿਆ ਗਿਆ, ਪਰ ਉਹ ਨਹੀਂ ਦਿਖਾ ਸਕਿਆ। ਉਸ ਨੇ ਕਿਹਾ ਹੈ ਕਿ ਉਸ ਨੂੰ ਆਰਮੀ ਅਫਸਰ ਬਣਨ ਦਾ ਸ਼ੌਕ ਹੈ ਅਤੇ ਉਹ ਇਸ ਸ਼ੌਕ ਨੂੰ ਪੂਰਾ ਕਰਦਾ ਹੈ। ਪਰ ਪੁਲਿਸ ਇਸ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ, ਕਿਉਂਕਿ ਮੁਲਜ਼ਮ ਕਈ ਵਾਰ ਕੈਂਟ ਇਲਾਕੇ ਦਾ ਦੌਰਾ ਕਰ ਚੁੱਕਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਤਿੰਨ ਕਾਂਸਟੇਬਲਾਂ, ਇਕ ਸੂਬੇਦਾਰ ਅਤੇ ਇਕ ਮੇਜਰ ਦੀਆਂ ਵਰਦੀਆਂ ਅਤੇ ਕਈ ਪਛਾਣ ਪੱਤਰ ਬਰਾਮਦ ਕੀਤੇ ਹਨ।