ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਮੁਕਤਸਰ ਸਾਹਿਬ ਬਿਊਰੋ, 13 ਮਾਰਚ
ਟਰੱਕ ਦੀ ਬੈਟਰੀ ਚੋਰੀ ਕਰਨ ਦੇ ਸ਼ੱਕ 'ਚ ਮਜ਼ਦੂਰ ਨੂੰ ਬੰਧਕ ਬਣਾ ਕੇ ਉਸ ਦੀ ਕੁੱਟਮਾਰ ਕਰਨ ਤੇ ਅਣਮਨੁੱਖੀ ਵਿਹਾਰ ਕਰਨ ਦੇ ਦੋਸ਼ 'ਚ ਥਾਣਾ ਗਿੱਦੜਬਾਹਾ ਦੀ ਪੁਲਿਸ ਨੇ ਟਰੱਕ ਮਾਲਕ ਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਉਸ ਨੂੰ ਫਾਰਮ ਹਾਊਸ 'ਚ ਲੈ ਜਾ ਕੇ ਨਾ ਸਿਰਫ ਬੰਧਕ ਬਣਾ ਕੇ ਉਸ ਦੀ ਕੁੱਟਮਾਰ ਕੀਤੀ, ਸਗੋਂ ਉਸ ਦੇ ਗੁਪਤ ਅੰਗ 'ਚ ਮਿਰਚਾਂ ਵੀ ਪਾਈਆਂ। ਫਿਲਹਾਲ ਪੀੜਤ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਗਿੱਦੜਬਾਹਾ ਵਾਸੀ ਪੀੜਤ ਨੌਜਵਾਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਤੇ ਦੇਰ ਸ਼ਾਮ ਜਦੋਂ ਉਹ ਰੀਗੋ ਗੋਦਾਮ 'ਚ ਮੌਜੂਦ ਸੀ ਕਿ ਉੱਥੇ ਆਸ਼ੂ ਸੇਠ ਉਰਫ਼ ਇਸ਼ਾਂਤ ਬਾਂਸਲ ਪੁੱਤਰ ਸਤਪਾਲ ਬਾਂਸਲ ਨਿਵਾਸੀ ਨੇੜੇ ਸਿਟੀ ਕਲੱਬ ਗਿੱਦੜਬਾਹਾ ਤੇ ਡਰਾਈਵਰ ਕੁਲਦੀਪ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਯਾਤਰੀ ਦੀ ਸੱਥ ਕੋਟਭਾਈ ਗੋਦਾਮ 'ਚ ਪਹੁੰਚੇ ਤੇ ਧੋਖੇ ਨਾਲ ਉਸ ਨੂੰ ਆਪਣੀ ਗੱਡੀ 'ਚ ਬਿਠਾ ਲਿਾ। ਆਸ਼ੂ ਸੇਠ ਤੇ ਕੁਲਦੀਪ ਨੇ ਉਸ 'ਤੇ ਬੈਟਰੀਆਂ ਚੋਰੀ ਕਰਨ ਦਾ ਦੋਸ਼ ਲਾਇਆ ਤੇ ਧਮਕੀ ਦਿੱਤੀ ਕਿ ਜੇਕਰ ਬੈਟਰੀਆਂ ਵਾਪਸ ਨਹੀਂ ਕੀਤੀਆਂ ਤਾਂ ਚੰਗਾ ਨਹੀਂ ਹੋਵੇਗਾ। ਨੌਜਵਾਨ ਨੇ ਦੋਸ਼ ਲਾਇਆ ਕਿ ਮੁਲਜ਼ਮ ਉਸ ਨੂੰ ਕੋਟਭਾਈ ਰੋਡ ’ਤੇ ਆਪਣੇ ਖੇਤ ’ਚ ਲੈ ਗਏ ਤੇ ਉਸ ਦੀਆਂ ਲੱਤਾਂ-ਬਾਹਾਂ ਰੱਸੀ ਨਾਲ ਬੰਨ੍ਹ ਦਿੱਤੀਆਂ। ਉਸਦੇ ਕੱਪੜੇ ਉਤਾਰ ਦਿੱਤੇ ਤੇ ਗੁਪਤ ਅੰਗ 'ਚ ਮਿਰਚਾਂ ਪਾ ਦਿੱਤੀਆਂ। ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ ਟਰੱਕ ਮਾਲਕ ਆਸ਼ੂ ਉਰਫ਼ ਇਸ਼ਾਂਤ ਬਾਂਸਲ ਤੇ ਡਰਾਈਵਰ ਕੁਲਦੀਪ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਗਿੱਦੜਬਾਹਾ 'ਚ ਤਾਇਨਾਤ ਏਐਸਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।