ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 14 ਮਾਰਚ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਫਿਲਮਾਂ ’ਚ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ’ਚ ਤਾਂ ਸਫਲ ਰਹੇ ਹਨ। ਪਰ ਆਪਣੇ ਹਲਕੇ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ’ਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਸੰਨੀ ਦਿਓਲ ਨੇ 17ਵੀਂ ਲੋਕ ਸਭਾ ਦੇ ਹੁਣ ਤੱਕ ਦੇ 12 ਸੈਸ਼ਨਾਂ ’ਚ ਸਿਰਫ ਇਕੋ ਸਵਾਲ ਪੁੱਛਿਆ ਹੈ, ਜਦਕਿ ਸੰਸਦ ’ਚ ਉਨ੍ਹਾਂ ਦੀ ਹਾਜ਼ਰੀ ਸਿਰਫ 18 ਫੀਸਦੀ ਰਹੀ। ਲੋਕ ਸਭਾ ਹਲਕੇ ਤੋਂ ਉਨ੍ਹਾਂ ਦੀ ਗ਼ੈਰ ਹਾਜ਼ਰੀ ਕਾਰਨ ਉਨ੍ਹਾਂ ਨੂੰ ਕਈ ਵਾਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਵੀ ਲਗਾਏ ਜਾਂਦੇ ਰਹੇ। ਆਪਣੇ ਕਾਰਜਕਾਲ ਦੌਰਾਨ ਸੰਸਦ ਮੈਂਬਰ ਹਲਕੇ ਨਾਲ ਸਬੰਧਤ ਸਿਰਫ਼ ਇੱਕ ਹੀ ਮਸਲਾ ਹੱਲ ਕਰਨ ਵਿੱਚ ਸਫ਼ਲ ਰਹੇ, ਜਿਸ ਵਿੱਚ ਮਕੋੜਾ ਪੱਤਣ ਅਤੇ ਕੀੜੀ ਪੁਲ ਸ਼ਾਮਲ ਹਨ। ਸਦ ਮੈਂਬਰ ਰਾਸ਼ਟਰੀ ਪੱਧਰ ’ਤੇ ਸੰਸਦ ’ਚ ਕੋਈ ਮੁੱਦਾ ਉਠਾਉਣ ’ਚ ਅਸਫਲ ਰਹੇ ਕਿਉਂਕਿ ਉਨ੍ਹਾਂ ਦੀ ਮੌਜੂਦਗੀ ਘੱਟ ਸੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਵੀ ਉਹ ਆਪਣੇ ਐਕਟਿੰਗ ਕਰੀਅਰ ਨੂੰ ਨਿਖਾਰਨ ’ਚ ਰੁੱਝੇ ਰਹੇ। ਹਾਲਾਂਕਿ ਉਨ੍ਹਾਂ ਦੀਆਂ ਫਿਲਮਾਂ ਲਗਾਤਾਰ ਹਿੱਟ ਹੁੰਦੀਆਂ ਰਹੀਆਂ ਪਰ ਉਹ ਹਲਕੇ ਵਿੱਚ ਪੂਰੀ ਤਰ੍ਹਾਂ ਫਲਾਪ ਰਹੇ।