ਬੀਬੀਐਨ ਨੈਟਵਰਕ ਪੰਜਾਬ, ਦਿੱਲੀ ਬਿਊਰੋ, 14 ਮਾਰਚ
ਦਵਾ ਕੰਪਨੀਆਂ ਹੁਣ ਡਾਕਟਰਾਂ ਨੂੰ ਕਿਸੇ ਤਰ੍ਹਾਂ ਦਾ ਤੋਹਫ਼ਾ ਤੇ ਮੁਫ਼ਤ ਸੈਂਪਲ ਨਹੀਂ ਦੇ ਸਕਣਗੀਆਂ। ਇਸ ਸਬੰਧ ’ਚ ਮੈਡੀਸਿਨ ਡਿਪਾਰਟਮੈਂਟ ਨੇ ਮੰਗਲਵਾਰ ਨੂੰ ਨਵਾਂ ਜ਼ਾਬਤਾ ਨੋਟੀਫਾਈ ਕਰ ਦਿੱਤਾ। ਮੈਡੀਸਿਨ ਮਾਰਕੀਟਿੰਗ ਪ੍ਰੈਕਟਿਸਿਸ ਲਈ ਇਕਸਾਰ ਜ਼ਾਬਤਾ (ਯੂਸੀਪੀਐੱਮਪੀ), 2024 ਲੋਕਾਂ ਨੂੰ ਮੁਫ਼ਤ ਨਮੂਨਿਆਂ (ਸੈਂਪਲ) ਦੀ ਡਿਲੀਵਰੀ ’ਤੇ ਵੀ ਪਾਬੰਦੀ ਲਾਉਂਦਾ ਹੈ, ਜੋ ਅਜਿਹੇ ਉਤਪਾਦ ਦੀ ਵਰਤੋਂ ਦੀ ਸਿਫ਼ਾਰਸ਼ ਕਰਨ ਦੇ ਯੋਗ ਨਹੀਂ ਹਨ। ਯੂਸੀਪੀਐੱਮਪੀ ਗਾਈਡਲਾਈਨਜ਼ ਮੁਤਾਬਕ ਕੋਈ ਵੀ ਫਾਰਮਾ ਕੰਪਨੀ ਜਾਂ ਉਸ ਦੇ ਏਜੰਟ (ਡਿਸਟ੍ਰੀਬਿਊਟਰ, ਥੋਕ ਵਿਕਰੇਤਾ, ਪਰਚੂਨ ਵਿਕਰੇਤਾ ਆਦਿ) ਕਿਸੇ ਵੀ ਹੈਲਥਕੇਅਰ ਪੇਸ਼ੇਵਰ ਜਾਂ ਉਸ ਦੇ ਪਰਿਵਾਰ ਦੇ ਮੈਂਬਰ (ਨਜ਼ਦੀਕੀ ਜਾਂ ਦੂਰ ਦਾ) ਨੂੰ ਕੋਈ ਤੋਹਫ਼ਾ ਜਾਂ ਨਿੱਜੀ ਲਾਭ ਪ੍ਰਦਾਨ ਨਹੀਂ ਕਰ ਸਕਦੇ। ਇਸੇ ਤਰ੍ਹਾਂ ਕੋਈ ਵੀ ਫਾਰਮਾ ਕੰਪਨੀ ਜਾਂ ਉਸ ਦਾ ਏਜੰਟ ਦਵਾ ਦੀ ਸਲਾਹ ਦੇਣ ਜਾਂ ਡਿਸਟ੍ਰੀਬਿਊਸ਼ਨ ਕਰਨ ਦੇ ਪਾਤਰ ਕਿਸੇ ਵਿਅਕਤੀ ਨੂੰ ਕੋਈ ਆਰਥਿਕ ਲਾਭ ਦੀ ਪੇਸ਼ਕਸ਼ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਕੋਈ ਵੀ ਫਾਰਮਾ ਕੰਪਨੀ ਜਾਂ ਉਸ ਦਾ ਨੁਮਾਇੰਦਾ ਜਾਂ ਉਨ੍ਹਾਂ ਵੱਲੋਂ ਕੋਈ ਵਿਅਕਤੀ ਹੈਲਥਕੇਅਰ ਪੇਸ਼ੇਵਰ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੰਮੇਲਨ, ਗੋਸ਼ਟੀ ਜਾਂ ਕਾਰਜਸ਼ਾਲਾ ਆਦਿ ’ਚ ਹਿੱਸਾ ਲੈਣ ਲਈ ਦੇਸ਼ ’ਚ ਜਾਂ ਦੇਸ਼ ਤੋਂ ਬਾਹਰ ਯਾਤਰਾ ਸਹੂਲਤ ਪ੍ਰਦਾਨ ਨਹੀਂ ਕਰ ਸਕਦੇ। ਇਸ ’ਚ ਰੇਲ, ਹਵਾਈ, ਸ਼ਿਪ ਜਾਂ ਕਰੂਜ ਦੀਆਂ ਟਿਕਟਾਂ ਜਾਂ ਪੇਡ ਵੈਕੇਸ਼ਨ ਸ਼ਾਮਲ ਹਨ। ਜ਼ਾਬਤੇ ਮੁਤਾਬਕ, ਦਵਾਈਆਂ ਦੀ ਪ੍ਰਮੋਸ਼ਨ ਤੇ ਉਸ ਦੀ ਮਾਰਕੀਟਿੰਗ ਮਨਜ਼ੂਰੀ ਦੀਆਂ ਸ਼ਰਤਾਂ ਮੁਤਾਬਕ ਹੀ ਹੋਣੀ ਚਾਹੀਦੀ ਹੈ।