ਬੀਬੀਐਨ ਨੈਟਵਰਕ ਪੰਜਾਬ, ਮਾਨਸਾ ਬਿਊਰੋ, 14 ਮਾਰਚ
ਹਰਿਆਣਾ ਦੇ ਤਿੰਨ ਪਿੰਡ ਹਾਂਸਪੁਰ, ਬੀਰਾਂਵੱਧੀ ਤੇ ਖੂਨਣ ਪਿੰਡਾਂ ਨਾਲ ਘਿਰੇ ਪੰਜਾਬ ਦੇ ਪਿੰਡ ਲੋਹਗੜ੍ਹ ’ਤੇ ਪੰਜਾਬ ਦੇ ਸਿਆਸਤਦਾਨਾਂ ਦੀ ਸਵੱਲੀ ਨਜ਼ਰ ਨਹੀਂ ਪਈ। ਪਿੰਡ ਦੇ ਲੋਕ ਜ਼ਿਆਦਾਤਰ ਹਰਿਆਣਾ ਦੀ ਮਿਹਰ ’ਤੇ ਨਿਰਭਰ ਰਹਿੰਦੇ ਹਨ, ਜਦਕਿ ਸਿਆਸਤਦਾਨਾਂ ਨੂੰ ਪਿੰਡ ਦਾ ਚੇਤਾ ਹੀ ਭੁੱਲ ਜਾਂਦਾ ਹੈ। ਭਾਵੇਂ ਹੜ੍ਹਾਂ ਦੇ ਸਮੇਂ ਦੀ ਗੱਲ ਕਰੀਏ ਜਾਂ ਫਿਰ ਪਸ਼ੂਆਂ ਦੇ ਇਲਾਜ ਤੇ ਹੋਰ ਕਈ ਸਹੂਲਤਾਂ ਲਈ ਇਹ ਲੋਕ ਜਿੱਥੇ ਹਰਿਆਣਾ ’ਤੇ ਨਿਰਭਰ ਕਰਦੇ ਹੋਏ ਹਰਿਆਣਾ ਵਾਸੀਆਂ ਨਾਲ ਪਈ ਭਾਈਚਾਰਕ ਸਾਂਝ ਕਾਰਨ ਖ਼ੁਸ਼ ਹਨ, ਉਥੇ ਹੀ ਪੰਜਾਬ ਦੇ ਸਿਆਸਤਦਾਨਾਂ ਵੱਲੋਂ ਇਸ ਪਿੰਡ ਦੀ ਸਾਰ ਨਾ ਲਏ ਜਾਣ ਕਾਰਨ ਲੋਕ ਖਫ਼ਾ ਵੀ ਹਨ। ਪਿੰਡ ’ਚ ਜ਼ਿਆਦਾਤਰ ਨਿਮਨ ਕਿਸਾਨ ਤੇ ਮਜ਼ਦੂਰ ਜਮਾਤ ਰਹਿੰਦੀ ਹੈ। ਇਨਕਲਾਬੀ ਨਾਵਲ ‘ਇਰਾਦਾ’ ਲਿਖਣ ਵਾਲਾ ਜਰਨੈਲ ਸਿੰਘ ਮੁਸਾਫ਼ਰ ਵਾਸੀ ਲੋਹਗੜ੍ਹ ਦੱਸਦਾ ਹੈ ਕਿ ਸਿਆਸਤਦਾਨਾਂ ਦੀ ਨਜ਼ਰੀਂ ਇਹ ਪਿੰਡ ਘੱਟ ਹੀ ਪੈਂਦਾ ਹੈ। ਜੇ ਕੋਈ ਸਿਆਸਤਦਾਨ ਆਇਆ ਵੀ ਹੈ ਤਾਂ ਇਕ ਵਾਰ ਆਉਣ ਬਾਅਦ ਦੁਬਾਰਾ ਗੇੜਾ ਨਹੀਂ ਲੱਗਦਾ। ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਵੱਧ ਰਹੀਆਂ ਹਨ, ਸ਼ਾਇਦ ਕੋਈ ਸਿਆਸਤਦਾਨ ਭੁੱਲ-ਭੁਲੇਖੇ ਆ ਹੀ ਜਾਵੇ ਪਰ ਇਸ ਦੀ ਸੁਣੀ ਜਾਣੀ ਜਾਂ ਨਾ ਸੁਣੀ ਜਾਣੀ, ਉਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗੇਗਾ। ਉਹ ਦੱਸਦਾ ਹੈ ਕਿ ਮੀਹਾਂ ਵੇਲੇ ਹੜ੍ਹ ਆਏ ਤਾਂ ਹਰਿਆਣਾ ਦੇ ਹਾਂਸਪੁਰ ਦੇ ਲੋਕਾਂ ਨੇ ਅਜਿਹਾ ਸਾਥ ਦਿੱਤਾ ਕਿ ਸਾਡੇ ਪਿੰਡ ਦੇ ਲੋਕਾਂ ਦਾ ਬਚਾਅ ਹੋ ਗਿਆ, ਨਹੀਂ ਤਾਂ ਮੁਸ਼ਕਿਲ ਹੋ ਜਾਣੀ ਸੀ। ਵਿੱਦਿਅਕ ਯੋਗਤਾ ਬਾਰੇ ਗੱਲ ਕਰਦਾ ਹੋਇਆ ਉਹ ਦੱਸਦਾ ਹੈ ਕਿ ਪਿੰਡ ਲੋਹਗੜ੍ਹ ’ਚ ਜਿੱਥੇ ਅੱਠਵੀਂ ਜਮਾਤ ਤੱਕ ਦਾ ਸਕੂਲ ਹੈ ਜੋ ਕਿ ਬਾਰ੍ਹਵੀਂ ਤੱਕ ਹੋਣਾ ਚਾਹੀਦਾ ਹੈ। ਅੱਠਵੀਂ ਜਮਾਤ ਪਾਸ ਕਰਨ ਬਾਅਦ ਬੱਚਿਆਂ ਨੂੰ ਆਹਲੂਪੁਰ ਪਿੰਡ ਦੇ ਸਕੂਲ ਜਾਣਾ ਪੈਂਦਾ ਹੈ। ਜੇ ਹਰਿਆਣਾ ਦੇ ਲੱਗਦੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡ ਹਾਂਸਪੁਰ ’ਚ ਦਸਵੀਂ ਤੱਕ, ਖੂਨਣ ਤੇ ਬੀਰਾਵੱਧੀ ’ਚ ਬਾਰ੍ਹਵੀਂ ਤੱਕ ਸਕੂਲ ਹਨ। ਕਈ ਲੋਕ ਹਰਿਆਣਾ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਹਰਿਆਣਾ ਦਾ ਹੋਣ ਦਾ ਹੀ ਸੋਚਣ ਲੱਗ ਪੈਂਦੇ ਹਨ।