ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 17 ਮਾਰਚ
ਪੱਖੋਵਾਲ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਸਟਾਫ਼ ਨਰਸ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕਾ ਅਮਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਐੱਸਐੱਮਓ ਨੀਲਮ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆ ਥਾਣਾ ਸਦਰ ਦੇ ਇੰਚਾਰਜ ਹਰਸ਼ਵੀਰ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਪੰਜ ਮਹੀਨੇ ਪਹਿਲਾਂ ਹੀ ਪ੍ਰਮੋਟ ਹੋ ਕੇ ਪੱਖੋਵਾਲ ਦੇ ਸਰਕਾਰੀ ਹਸਪਤਾਲ ਵਿੱਚ ਆਈ ਸੀ। ਹਸਪਤਾਲ ਤੋਂ ਕੁਝ ਦੂਰੀ ਤੇ ਹੀ ਉਸ ਦਾ ਘਰ ਹੈ। ਵੀਰਵਾਰ ਨੂੰ ਔਰਤ ਨੇ ਆਪਣੇ ਘਰ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਦੇ ਮੈਂਬਰ ਜਦ ਉਸ ਦੇ ਕਮਰੇ ਅੰਦਰ ਦਾਖਲ ਹੋਏ ਤਾਂ ਉਸ ਦੀ ਲਾਸ਼ ਲਟਕਦੀ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ। ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਤੁਰੰਤ ਪੁਲਿਸ ਪਾਰਟੀ ਨੂੰ ਸੂਚਨਾ ਦਿੱਤੀ। ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਪੁਲਿਸ ਨੂੰ ਮ੍ਰਿਤਕਾਂ ਦੇ ਕਬਜ਼ੇ ’ਚੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਜਿਸ ਵਿੱਚ ਉਸ ਨੇ ਸਾਫ ਤੌਰ ਤੇ ਲਿਖਿਆ ਸੀ ਕਿ ਉਹ ਹਸਪਤਾਲ ਦੇ ਸਟਾਫ਼ ਅਤੇ ਐੱਸਐੱਮਓ ਤੋਂ ਪਰੇਸ਼ਾਨ ਹੈ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਐਸਐਮਓ ਨੀਲਮ ਦੇ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।