ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 17 ਮਾਰਚ
ਏਜੀਟੀਐੱਫ ਪੰਜਾਬ ਨੇ ਗੁਰਪ੍ਰੀਤ ਲਹਿੰਬਰ ਤੇ ਜੱਸਾ ਨੂਰਵਾਲਾ ਗੈਂਗ ਦੇ ਦੋ ਗੁਰਗੇ ਗ੍ਰਿਫ਼ਤਾਰ ਕੀਤੇ ਹਨ ਜਿਨ੍ਹਾਂ ਕੋਲੋਂ 10 ਪਿਸਤੌਲਾਂ ਤੇ 10 ਕਾਰਤੂਸ ਵੀ ਬਰਾਮਦ ਹੋਏ। ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਕੀਤੇ ਗਏ ਟਵੀਟ ਅਨੁਸਾਰ ਪੁਲਿਸ ਨੂੰ ਜਗਦੀਪ ਸਿੰਘ ਉਰਫ਼ ਰਿੰਕੂ ਤੇ ਬਲਵਿੰਦਰ ਸਿੰਘ ਉਰਫ਼ ਬੱਬੂ ਦੀ ਤਲਾਸ਼ ਸੀ। ਮੁਲਜ਼ਮ ਰਿੰਕੂ ਮੋਗਾ 'ਚ ਕਤਲ ਦੇ ਦੋਸ਼ 'ਚ ਭਗੌੜਾ ਸੀ। ਇਹ ਗਿਰੋਹ ਲੁਧਿਆਣਾ, ਜਗਰਾਉਂ, ਮੋਗਾ, ਬਠਿੰਡਾ ਅਤੇ ਸੰਗਰੂਰ ਦੇ ਖੇਤਰਾਂ 'ਚ ਕਈ ਘਿਨਾਉਣੇ ਅਪਰਾਧਾਂ ਜਿਵੇਂ ਕਿ ਕਤਲ, ਕਤਲ ਦੀ ਕੋਸ਼ਿਸ਼, ਅਗਵਾ, ਜਬਰੀ ਵਸੂਲੀ ਵਿੱਚ ਸ਼ਾਮਲ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦਾ ਅਪਰਾਧਿਕ ਇਤਿਹਾਸ ਹੈ। ਰਿੰਕੂ ਮੋਗਾ ਵਿੱਚ ਦਰਜ ਹੋਏ ਕਤਲ ਦੀ ਕੋਸ਼ਿਸ਼ ਦੇ ਕੇਸ ਵਿੱਚ ਭਗੌੜਾ ਸੀ। ਦੂਜੇ ਮੁਲਜ਼ਮ ਬੱਬੂ ਨੇ ਜੂਨ 2023 ਵਿੱਚ ਲੁਧਿਆਣਾ ਦੇ ਨੀਲੋਂ ਵਿਖੇ ਇੱਕ ਐਸਟੀਐਫ ਟੀਮ ਉੱਤੇ ਗੋਲੀਬਾਰੀ ਕੀਤੀ ਸੀ ਅਤੇ ਉਦੋਂ ਤੋਂ ਉਹ ਫਰਾਰ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਮੁਲਜ਼ਮ ਫਰਾਰ ਗੈਂਗਸਟਰ ਲਹਿੰਬਰ ਅਤੇ ਨੂਰਵਾਲਾ ਦੇ ਨਿਰਦੇਸ਼ਾਂ 'ਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਸੰਗਠਿਤ ਅਪਰਾਧ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ।