ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 17 ਮਾਰਚ
ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਚੱਬੇਵਾਲ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਸਤੀਫਾ ਸੌਂਪਿਆ। ਇਸ ਸਬੰਧੀ ਜਾਣਕਾਰੀ ਉਨ੍ਹਾਂ ਆਪਣੇ ਟਵਿੱਟਰ ਹੈਂਡਲ 'ਤੇ ਵੀ ਸਾਂਝੀ ਕੀਤੀ ਹੈ। ਇਸ ਲਈ ਹੁਣ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ਜ਼ਿਮਣੀ ਚੋਣ ਹੋਣੀ ਤੈਅ ਹੈ। ਡਾਕਟਰ ਰਾਜਕੁਮਾਰ ਚੱਬੇਵਾਲ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਕਾਂਗਰਸ ਦੇ ਵਿਧਾਇਕ ਸਨ ਤੇ ਪਿਛਲੇ ਹਫ਼ਤੇ ਵਿਧਾਨ ਸਭਾ 'ਚ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਝੜਪ ਹੋ ਗਈ ਸੀ। ਕਾਂਗਰਸੀ ਵਿਧਾਇਕਾਂ ਨੂੰ ਸੰਗਲੀ ਨਾਲ ਬੰਨ੍ਹਣ ਬਾਰੇ ਮੁੱਖ ਮੰਤਰੀ ਦੀ ਟਿੱਪਣੀ ਤੋਂ ਉਹ ਨਾਰਾਜ਼ ਸਨ ਤੇ ਅਗਲੇ ਦਿਨ ਉਹ ਖੁਦ ਸੰਗਲੀ ਲੈ ਕੇ ਨਾਲ ਵਿਧਾਨ ਸਭਾ ਪੁੱਜੇ ਸਨ।