ਬੀਬੀਐਨ ਨੈਟਵਰਕ ਪੰਜਾਬ, ਦਿੱਲੀ ਬਿਊਰੋ, 17 ਮਾਰਚ
ਕੈਂਸਰ ਦੀ ਜਾਨਲੇਵਾ ਬਿਮਾਰੀ ਦੇ ਇਲਾਜ 'ਚ ਲਾਭਦਾਇਕ ਨਕਲੀ ਕੀਮੋਥੈਰੇਪੀ ਦਵਾਈਆਂ ਬਣਾਉਣ ਵਾਲੇ ਮਾਡਿਊਲ ਦਾ ਪਰਦਾਫਾਸ਼ ਹੋਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਜਿਵੇਂ-ਜਿਵੇਂ ਅੱਗੇ ਵਧ ਰਹੀ ਹੈ, ਦਿੱਲੀ ਪੁਲਿਸ ਨੂੰ ਹੈਰਾਨ ਕਰਨ ਵਾਲੀ ਜਾਣਕਾਰੀ ਮਿਲ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਦੋ ਕੋਮਲ ਤਿਵਾੜੀ ਤੇ ਅਭਿਨਵ ਕੋਹਲੀ ਇਸ ਸਮੇਂ ਰੋਹਿਣੀ ਸਥਿਤ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਦੇ ਕੀਮੋਥੈਰੇਪੀ ਵਿਭਾਗ ਵਿੱਚ ਕੰਮ ਕਰ ਰਹੇ ਸਨ। ਇਨ੍ਹਾਂ ਵਿੱਚ ਕੋਮਲ ਕੀਮੋਥੈਰੇਪੀ ਵਿਭਾਗ ਦੀ ਇੰਚਾਰਜ ਸੀ ਜਦੋਂ ਕਿ ਅਭਿਨਵ ਇਸ ਵਿਭਾਗ ਵਿੱਚ ਮਰੀਜ਼ਾਂ ਨੂੰ ਕੀਮੋਥੈਰੇਪੀ ਦਿੰਦਾ ਸੀ, ਯਾਨੀ ਕਿ ਕੀਮੋਥੈਰੇਪੀ ਦੀ ਦਵਾਈ ਗਲੂਕੋਜ਼ ਵਿੱਚ ਮਿਲਾ ਕੇ ਦਿੰਦਾ ਸੀ। ਤੀਜਾ ਮੁਲਜ਼ਮ ਨੀਰਜ ਚੌਹਾਨ ਨਕਲੀ ਦਵਾਈਆਂ ਬਣਾ ਕੇ ਵੇਚਦਾ ਸੀ। ਉਹ ਪਹਿਲਾਂ ਧਰਮਸ਼ੀਲਾ, ਪਾਰਸ ਤੇ ਬੀਐਲਕੇ ਵਰਗੇ ਕੈਂਸਰ ਹਸਪਤਾਲਾਂ ਵਿੱਚ ਕੰਮ ਕਰ ਚੁੱਕੇ ਹਨ। ਗ੍ਰਿਫ਼ਤਾਰ ਕੀਤੇ ਗਏ 8 ਦੋਸ਼ੀ ਕਈ ਹਸਪਤਾਲਾਂ 'ਚ ਕੰਮ ਕਰਨ, ਬੀ.ਫਾਰਮਾ ਕਰਨ ਤੇ ਮੈਡੀਕਲ ਖੇਤਰ ਨਾਲ ਜੁੜੇ ਹੋਣ ਕਾਰਨ ਇਕ-ਦੂਜੇ ਦੇ ਸੰਪਰਕ 'ਚ ਆਏ ਸਨ, ਜਿਸ ਕਾਰਨ ਉਨ੍ਹਾਂ ਦੇ ਦਿੱਲੀ-ਐੱਨਸੀਆਰ ਦੇ ਕੈਂਸਰ ਹਸਪਤਾਲਾਂ 'ਚ ਚੰਗੇ ਸੰਪਰਕ ਹਨ। ਇਨ੍ਹਾਂ ਦੇ ਸੰਪਰਕ ਦਾ ਫ਼ਾਇਦਾ ਉਠਾਉਂਦੇ ਹੋਏ ਮੁਲਜ਼ਮ ਤਿੰਨ ਤਰੀਕਿਆਂ ਨਾਲ ਕੈਂਸਰ ਦੇ ਮਰੀਜ਼ਾਂ ਦਾ ਡਾਟਾ ਹਾਸਲ ਕਰਕੇ ਆਪਣਾ ਨਾਪਾਕ ਧੰਦਾ ਚਲਾ ਰਹੇ ਸਨ।