ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 16 ਮਾਰਚ
ਪੰਜਾਬ ਪੁਲਿਸ ’ਚ ਭਰਤੀ, ਪੋਸਟਿੰਗ, ਤਬਾਦਲਿਆਂ ਦੇ ਨਾਂ ’ਤੇ 100 ਕਰੋੜ ਤੋਂ ਵੱਧ ਦੀ ਠੱਗੀ ਕਰਨ ਵਾਲੇ ਅਮਨਦੀਪ ਕੰਬੋਜ ਉਰਫ਼ ਅਮਨ ਸਕੋਡਾ ਖ਼ਿਲਾਫ਼ ਵੱਖ-ਵੱਖ ਜ਼ਿਲ੍ਹਿਆਂ ’ਚ 40 ਤੋਂ ਵੱਧ ਮਾਮਲੇ ਦਰਜ ਹਨ। ਅਦਾਲਤ ਵੱਲੋਂ ਮੁਲਜ਼ਮ ਸਕੋਡਾ ਨੂੰ 20 ਤੋਂ ਵੱਧ ਮਾਮਲਿਆਂ ’ਚ ਭਗੌੜਾ ਐਲਾਨ ਕੀਤਾ ਜਾ ਚੁੱਕਾ ਹੈ। ਧਿਆਨ ਰਹੇ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਕੋਡਾ ਨੂੰ ਗ੍ਰਿਫ਼ਤਾਰ ਕਰਨ ’ਚ ਅਸਫਲ ਰਹਿਣ ’ਤੇ ਪੰਜਾਬ ਪੁਲਿਸ ਨੂੰ ਝਾੜ ਪਾਈ ਸੀ। ਇਸ ਮਾਮਲੇ ’ਚ ਇਕ ਥਾਣਾ ਇੰਚਾਰਜਾਂ ਦੀ ਤਨਖ਼ਾਹ ਵੀ ਜ਼ਬਤ ਕਰ ਲਈ ਹੈ, ਜਿਨ੍ਹਾਂ ਦੇ ਪੁਲਿਸ ਸਟੇਸ਼ਨਾਂ ’ਚ ਇਸ ਮਾਮਲੇ ਦੀ ਜਾਂਚ ਚੱਲ ਰਹੀ ਸੀ। ਸਕੋਡਾ ’ਤੇ ਪੰਜਾਬ ਪੁਲਿਸ ਦੇ ਸਿਖਰ ਪੁਲਿਸ ਅਧਿਕਾਰੀਆਂ ਨਾਲ ਕਰੀਬੀ ਗੰਢਤੁੱਪ ਦਾ ਦੋਸ਼ ਹੈ। ਫਾਜ਼ਿਲਕਾ ਜ਼ਿਲ੍ਹੇ ਪੁੰਨਾਵਾਲਾ ਪਿੰਡ ਦਾ ਰਹਿਣ ਵਾਲਾ ਮੁਲਜ਼ਮ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ (ਐੱਸਓਪੀਯੂ) ਦਾ ਸਮਰਥਕ ਸੀ ਤੇ ਐੱਨਐੱਸਯੂਆਈ ਤੇ ਯੂਥ ਕਾਂਗਰਸ ਦੇ ਕੁਝ ਆਗੂਆਂ ਨਾਲ ਉਸਦੇ ਚੰਗੇ ਸਬੰਧ ਹਨ। ਸੂਤਰ ਦੱਸਦੇ ਹਨ ਕਿ ਅਮਨਦੀਪ ਨੇ ਚੰਡੀਗੜ੍ਹ ਦੇ ਆਪਣੇ ਦੋਸਤਾਂ ਤੋਂ ਵੱਡੀ ਰਕਮ ਉਧਾਰ ਲਈ ਹੈ ਤੇ ਉਹ ਪੈਸਾ ਵਿਆਜ ’ਤੇ ਉਧਾਰ ਦਿੰਦਾ ਸੀ। ਮੁਲਜ਼ਮ ਅਬੋਹਰ ਤੋਂ ਗ੍ਰੈਜੂਏਟ, ਲਗਪਗ ਇਕ ਦਹਾਕਾ ਪਹਿਲਾਂ ਸ਼ਹਿਰ ਆਇਆ ਸੀ। ਉਸ ਦੀ ਅਜਿਹੀ ਚੜ੍ਹਤ ਹੋਈ ਕਿ ਹੁਣ ਉਸ ਕੋਲ ਸਕੋਡਾ ਆਕਟੇਵੀਆ ਹੈ, ਉਸ ਲਈ ਉਸਦਾ ਉਪ ਨਾਮ ਸਕੋਡਾ ਹੈ। ਬਾਅਦ ’ਚ ਉਸਨੇ ਬੀਐੱਮਡਬਲਯੂ ਕਾਰ ਖ਼ਰੀਦੀ ਤੇ ਉਸ ਕੋਲ ਇਕ ਲੈਂਡ ਕਰੂਜ਼ਰ ਵੀ ਹੈ। ਸਾਬਕਾ ਪੁਲਿਸ ਅਧਿਕਾਰੀ ਕੈਟ ਸਵ. ਗੁਰਮੀਤ ਸਿੰਘ ਪਿੰਕੀ ਨੇ 14 ਦਸੰਬਰ 2022 ਨੂੰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਅਮਨ ਖ਼ਿਲਾਫ਼ ਚੰਡੀਗੜ੍ਹ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਖ਼ੁਦ ਨੂੰ ਬਹਾਲ ਕਰਵਾਉਣ ਲਈ 50 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਇਸ ਤੋਂ ਇਲਾਵਾ ਘੱਲ ਕਲਾਂ ਪੁਲਿਸ ਸਟੇਸ਼ਨ ’ਚ ਉਸ ’ਤੇ ਪੁਲਿਸ ਅਧਿਕਾਰੀ ਬਣ ਕੇ ਸਿੱਧੇ ਭਰਤੀ ਕਰਵਾਉਣ ਦੀ ਆੜ ’ਚ ਇਕ ਵਿਅਕਤੀ ਤੋਂ 30 ਲੱਖ ਰੁਪਏ ਠੱਗਣ ਦਾ ਦੋਸ਼ ਹੈ। ਮੁਲਜ਼ਮ ਸਕੋਡਾ ਲੋਕਾਂ ਨੂੰ ਠੱਗਣ ਲਈ ਸਿਆਸਤਦਾਨਾਂ ਤੇ ਪੁਲਿਸ ਅਧਿਕਾਰੀਆਂ ਦੇ ਨਾਂ ਦੀ ਵਰਤੋਂ ਕਰਦਾ ਸੀ। ਬੀਤੇ ਦਿਨੀਂ ਸਕੋਡਾ ਦੀ ਅਧਿਕਾਰੀਆਂ ਨਾਲ ਗੱਲਬਾਤ ਦਾ ਇਕ ਆਡੀਓ ਵਾਇਰਲ ਹੋਇਆ ਸੀ। ਆਡੀਓ ’ਚ ਮੁਲਜ਼ਮ ਕਿਸੇ ਪੁਲਿਸ ਇੰਸਪੈਕਟਰ ਦੀ ਪੋਸਟਿੰਗ ਨੂੰ ਲੈ ਕੇ ਗੱਲ ਕਰ ਰਿਹਾ ਸੀ। ਮੁਲਜ਼ਮ ਐੱਸਐੱਸਪੀ ਤੋਂ ਲੈ ਕੇ ਕਾਂਸਟੇਬਲ ਤੱਕ ਦੀ ਪੋਸਟਿੰਗ ਕਰਵਾਉਣ ਦੇ ਨਾਂ ’ਤੇ ਠੱਗੀ ਕਰਦਾ ਸੀ।