ਬੀਬੀਐਨ ਨੈਟਵਰਕ ਪੰਜਾਬ, ਸੰਗਰੂਰ ਬਿਊਰੋ, 18 ਮਾਰਚ
ਕਿਸਾਨ ਜਥੇਬੰਦੀਆਂ ਦਾ ਮੋਰਚਾ ਖਨੌਰੀ ਬਾਰਡਰ ’ਤੇੇ ਜਾਰੀ ਹੈ ਅਤੇ ਐਤਵਾਰ ਨੂੰ ਸ਼ਹੀਦ ਸ਼ੁਭਕਰਨ ਸਿੰਘ ਦੀ ਸੋਚ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਸਮੁੱਚੇ ਦੇਸ਼ ਵਿਚ ਪਹੁੰਚਾਉਣ ਦੇ ਮਕਸਦ ਨਾਲ ਖਨੌਰੀ ਬਾਰਡਰ ਤੋਂ ਚਾਰ ਰਾਜਾਂ ਹਰਿਆਣਾ, ਯੂਪੀ, ਰਾਜਸਥਾਨ ਅਤੇ ਬਿਹਾਰ ਲਈ ਕਲਸ਼ ਯਾਤਰਾ ਰਵਾਨਾ ਕੀਤੀ ਗਈ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਈ ਲੋਕ ਇਹ ਕਹਿੰਦੇ ਹਨ ਕਿ ਹੁਣ ਤਾਂ ਚੋਣ ਜ਼ਾਬਤਾ ਲੱਗ ਜਾਣਾ ਹੈ ਤੇ ਕਿਸਾਨੀ ਅੰਦੋਲਨ ਖਿੰਡ-ਪੁੰਡ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇਸ ਸਟੇਜ ਤੋਂ ਉਨ੍ਹਾਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਇਹ ਕਿਸਾਨੀ ਅੰਦੋਲਨ ਨਾ ਕਿਸੇ ਚੋਣਾਂ ਦੌਰਾਨ ਦੱਬੇਗਾ ਤੇ ਨਾ ਹੀ ਕਿਸੇ ਚੋਣ ਜ਼ਾਬਤੇ ਦਾ ਇਸ ’ਤੇ ਕੋਈ ਪ੍ਰਭਾਵ ਪਵੇਗਾ ਬਲਕਿ ਕਿਸਾਨੀ ਅੰਦੋਲਨ ਸਿਆਸੀ ਪਾਰਟੀਆਂ ਦੇ ਗਲ਼ੇ ਦੀ ਹੱਡੀ ਬਣ ਕੇ ਚੋਣਾਂ ਦੌਰਾਨ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਕੇਂਦਰ ਸਰਕਾਰ ਤੋਂ ਸਾਡੇ ਹੱਕ ਸਾਨੂੰ ਮਿਲ ਜਾਣ ਤਾਂ ਸਾਨੂੰ ਇਸ ਕਿਸਾਨੀ ਮੋਰਚੇ ਨੂੰ ਹੋਰ ਵੀ ਮਜ਼ਬੂਤੀ ਨਾਲ ਅੱਗੇ ਵਧਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸ਼ੁਭਕਰਨ ਸਿੰਘ ਦੀ ਕਲਸ਼ ਯਾਤਰਾ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਲਿਜਾ ਕੇ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਕਿਸਾਨਾਂ ਅਤੇ ਨੌਜਵਾਨਾਂ ਉੱਤੇ ਤਸ਼ੱਦਦ ਨੂੰ ਬਿਆਨ ਕਰੇਗੀ ਅਤੇ ਦੇਸ਼ ਦੇ ਹਰ ਵਰਗ ਦੇ ਲੋਕਾਂ ਦੇ ਮਨਾਂ ਵਿਚ ਇਸ ਕਿਸਾਨੀ ਅੰਦੋਲਨ ਵਿਚ ਯੋਗਦਾਨ ਪਾਉਣ ਦੀ ਚਿਣਗ ਜਾਗੂਗੀ। ਇਸ ਮੌਕੇ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਅਭਿਮੰਨਿਊ ਕੁਹਾੜ ਨੇ ਕਿਹਾ ਕਿ ਸ਼ੁਭਕਰਨ ਦੇ ਕਲਸ਼ ਯਾਤਰਾ ਦਾ ਪੂਰੇ ਹਰਿਆਣਾ ਵਿਚ ਜੋਸ਼ ਹੈ। 22 ਮਾਰਚ ਨੂੰ ਹਿਸਾਰ ਅਤੇ 31 ਨੂੰ ਅੰਬਾਲਾ ਵਿਖੇ ਲੱਖਾਂ ਦੀ ਗਿਣਤੀ ਵਿਚ ਕਿਸਾਨ ਸ਼ੁਭਕਰਨ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸ਼ੁਭਕਰਨ ਨੇ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਸ਼ਹੀਦੀ ਦਿੱਤੀ ਹੈ ਜਿਸ ਦੀ ਸ਼ਹੀਦੀ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ ਆਰਐੱਸਐੱਸ ਵੱਲੋਂ ਦਿੱਤੇ ਬਿਆਨ ਦਾ ਜਵਾਬ ਦਿੰਦੇ ਹੋਏ ਕੁਹਾੜ ਨੇ ਕਿਹਾ ਕਿ ਜਿਹੜੀ ਸੰਸਥਾ ਆਪਣੇ ਮੁੱਖ ਦਫਤਰ ’ਤੇ ਭਾਰਤੀ ਝੰਡਾ ਨਹੀਂ ਲਹਿਰਾ ਸਕਦੀ, ਉਸ ਸੰਸਥਾ ਨੂੰ ਕਿਸਾਨਾਂ ਦੇ ਖ਼ਿਲਾਫ਼ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਇਹ ਕਿਸਾਨ ਸੜਕਾਂ ’ਤੇ ਬੈਠੇ ਹਨ ਅਤੇ ਇਨ੍ਹਾਂ ਦੇ ਨੌਜਵਾਨ ਪੁੱਤਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਕੋਹਾੜ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤਕ ਸ਼ਾਂਤਮਈ ਢੰਗ ਨਾਲ ਸੜਕਾਂ ’ਤੇ ਬੈਠਾਂਗੇ ਅਤੇ ਆਉਣ ਵਾਲੇ ਦਿਨਾਂ ’ਚ ਖਨੌਰੀ ਬਾਰਡਰ ’ਤੇ ਹਰਿਆਣਾ, ਰਾਜਸਥਾਨ, ਆਂਧਰਾ ਅਤੇ ਐੱਮਪੀ ਦੇ ਕਿਸਾਨ ਵੀ ਆਪਣੇ ਤੰਬੂ ਲਾਉਣਗੇ।